ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਅਕਤੂਬਰ
ਇੱਥੇ ਭਾਸ਼ਾ ਵਿਭਾਗ ਦੇ ਨੇੜੇ ਮਹੀਨੇ ਪਹਿਲਾਂ ਆਪਣੇ ਸਾਲੇ ਦਾ ਕਤਲ ਕਰਕੇ ਫਰਾਰ ਹੋਏ ਮ੍ਰਿਤਕ ਦੇ ਜੀਜੇ ਨੂੰ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਦੀ ਅਗਵਾਈ ਹੇਠਲੀ ਪੁਲੀਸ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਘਟਨਾ 11/12 ਸਤੰਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ। ਉਸ ਰਾਤ ਦੋਵੇਂ ਰਿਸ਼ਤੇਦਾਰ ਜਦੋਂ ਇਕੱਠੇ ਸ਼ਰਾਬ ਪੀ ਰਹੇ ਸਨ, ਤਾਂ ਕਿਸੇ ਮਾਮਲੇ ਨੂੰ ਲੈ ਕੇ ਦੋਵਾਂ ’ਚ ਤਕਰਾਰ ਹੋ ਗਿਆ ਤੇ ਜੀਜੇ ਹੱਥੋਂ ਸਾਲ਼ਾ ਕਤਲ ਹੋ ਗਿਆ। ਕੋਤਵਾਲੀ ਪੁਲੀਸ ਨੇ ਮ੍ਰਿਤਕ ਦੇ ਭਤੀਜੇ ਦੀ ਸ਼ਿਕਾਇਤ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕੀਤਾ ਸੀ। ਪੁਲੀਸ ਉਦੋਂ ਤੋਂ ਹੀ ਮੁਲਜ਼ਮ ਦੀ ਤਲਾਸ਼ ’ਚ ਸੀ ਤੇ ਆਖਰ ਹੁਣ ਉਹ ਪੁਲੀਸ ਦੇ ਹੱਥੇ ਚੜ੍ਹ ਗਿਆ। ਕੇਸ ਮੁਤਾਬਿਕ ਇਹ ਦੋਵੇਂ ਹੀ ਰਿਸ਼ਤੇਦਾਰ ਮੂਲ ਰੂਪ ਵਿੱਚ ਯੂ.ਪੀ ਦੇ ਰਹਿਣ ਵਾਲ਼ੇ ਹਨ। ਸਾਹਿਬ ਲਾਲ ਰਾਜਭਰ ਇੱਥੇ ਭਾਸ਼ਾ ਵਿਭਾਗ ਦਫਤਰ ਨੇੜਲੇ ਖੇਤਰ ’ਚ ਰਹਿੰਦਾ ਸੀ। ਇਸ ਦੌਰਾਨ ਹੀ 11/12 ਸਤੰਬਰ ਦੀ ਰਾਤ ਨੂੰ ਉਸ ਦਾ ਜੀਜਾ ਲਾਲ ਬਹਾਦਰ ਵੀ ਉਸ ਦੇ ਘਰ ਆ ਗਿਆ। ਰਾਤ ਨੂੰ ਉਹ ਦੋਵੇਂ ਸ਼ਰਾਬ ਪੀਣ ਲੱਗੇ ਜਿਸ ਦੌਰਾਨ ਹੀ ਹੋਏ ਤਕਰਾਰ ਦੌਰਾਨ ਲਾਲ ਬਹਾਦਰ ਨੇ ਆਪਣੇ ਸਾਲ਼ੇ ਸਾਹਿਬ ਲਾਲ ਦੇ ਸਿਰ ’ਚ ਲੋਹੇ ਦੀ ਰਾਡ ਮਾਰ ਦਿੱਤੀ ਤੇ ਫੇਰ ਉਹ ਫਰਾਰ ਹੋ ਗਿਆ। ਇਸੇ ਦੌਰਾਨ ਡੀਐਸਪੀ ਹੇਮੰਤ ਕੁਮਾਰ ਨੇ ਦੱਸਿਆ ਕਿ ਉਸੇ ਹੀ ਦਿਨ ਤੋਂ ਫਰਾਰ ਲਾਲ ਬਹਾਦਰ ਨੂੰ ਪੁਲੀਸ ਟੀਮ ਨੇ ਪਟਿਆਲਾ ਦੀ ਅਨਾਜ ਮੰਡੀ ਵਿੱਚੋਂ ਗ੍ਰਿਫਤਾਰ ਕੀਤਾ ਹੈ। ਉਸ ਦਾ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।