ਪੱਤਰ ਪ੍ਰੇਰਕ
ਪਾਤੜਾਂ, 4 ਜੂਨ
ਪੁਲੀਸ ਚੌਕੀ ਪਾਤੜਾਂ ਵਿੱਚ ਦਾਖ਼ਲ ਹੋ ਕੇ ਪੁਲੀਸ ਕਰਮਚਾਰੀਆਂ ਨਾਲ ਬਹਿਸਬਾਜ਼ੀ ਤੇ ਧੱਕਾ ਮੁੱਕੀ ਕਰਨ ਅਤੇ ਵਰਦੀ ਪਾੜਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਪੁਲੀਸ ਨੇ ਅਦਾਲਤ ਵਿਚ ਪੇਸ਼ ਕੀਤਾ ਹੈ। ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਭੇਜਣ ਦੇ ਆਦੇਸ਼ ਦਿੱਤੇ ਹਨ।
ਥਾਣਾ ਮੁਖੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ 2 ਜੂਨ ਨੂੰ ਨਸ਼ੇ ਵਿੱਚ ਧੁੱਤ ਇਕ ਵਿਅਕਤੀ ਪੁਲੀਸ ਚੌਕੀ ਪਾਤੜਾਂ ਵਿਖੇ ਆਇਆ। ਉਸ ਨੇ ਥਾਣੇ ਵਿੱਚ ਬੈਠੇ ਸਹਾਇਕ ਮੁਨਸ਼ੀ ਕੁਲਦੀਪ ਸਿੰਘ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸੇ ਦੌਰਾਨ ਧੱਕਾ ਮੁੱਕੀ ਕਰਦਿਆਂ ਉਸ ਨੇ ਕੁਲਦੀਪ ਸਿੰਘ ਦੀ ਵਰਦੀ ਪਾੜ ਦੀ ਦਿੱਤੀ। ਪੁਲੀਸ ਕਰਮਚਾਰੀਆਂ ਨੇ ਮੁਸ਼ਕਿਲ ਨਾਲ ਪਰਵਿੰਦਰ ਸਿੰਘ ਵਾਸੀ ਨਵਾਂ ਗਾਓਂ ਹਾਲ ਵਾਸੀ ਚੰਦੜਕਲਾਂ ਥਾਣਾ ਟੋਹਾਣਾ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਉਸ ਨੂੰ 15 ਦਿਨ ਦੇ ਜੁੂਡੀਸ਼ਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ|