ਸਮਾਣਾ (ਅਸ਼ਵਨੀ ਗਰਗ): ਪੁਲੀਸ ਹਿਰਾਸਤ ਦੌਰਾਨ ਰਜਿੰਦਰਾ ਹਸਪਤਾਲ ਵਿੱਚੋਂ ਫਰਾਰ ਹੋਏ ਅਪਰਾਧੀ ਅਮਰੀਕ ਸਿੰਘ ਨੂੰ ਪੁਲੀਸ ਨੇ ਅਸਲੇ ਅਤੇ ਫਰਾਰ ਹੋਣ ਸਮੇਂ ਵਰਤੀ ਗਈ ਕਾਰ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੀਆਈਏ ਇੰਚਾਰਜ ਸੁਰਿੰਦਰ ਭੱਲਾ ਨੇ ਦੱਸਿਆ ਕਿ ਅਮਰੀਕ ਸਿੰਘ ਵਾਸੀ ਪਿੰਡ ਦੇਧਣਾ ਥਾਣਾ ਘੱਗਾ ਹਾਲ ਵਾਸੀ ਪਟਿਆਲਾ ਖ਼ਿਲਾਫ਼ ਥਾਣਾ ਘੱਗਾ ਵਿੱਚ 17 ਮਈ 2022 ਨੂੰ ਹੈਰੋਈਨ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। 30 ਸਤੰਬਰ ਨੂੰ ਅਮਰੀਕ ਸਿੰਘ ਪਟਿਆਲਾ ਜੇਲ੍ਹ ਵਿਚ ਲੜਾਈ ਝਗੜੇ ਦਾ ਫਰਜ਼ੀ ਬਹਾਨਾ ਬਣਾ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਹੋ ਗਿਆ ਸੀ। ਉਸ ਦੇ ਸਾਥੀ ਅਮਰੀਕ ਸਿੰਘ ਨੂੰ ਰਜਿੰਦਰਾ ਹਸਪਤਾਲ ਤੋਂ ਲੈ ਕੇ ਫਰਾਰ ਹੋ ਗਏ ਸਨ। ਸੀਆਈਏ ਇੰਚਾਰਜ ਅਨੁਸਾਰ 2 ਨਵੰਬਰ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਪਿੰਡ ਬੰਮਣਾ ਬਸਤੀ ਪੁਲ ’ਤੇ ਨਾਕਾਬੰਦੀ ਦੌਰਾਨ ਅਮਰੀਕ ਸਿੰਘ ਨੂੰ ਭਵਾਨੀਗੜ੍ਹ ਵਾਲੀ ਸਾਈਡ ਤੋਂ ਆਉਂਦੇ ਹੋਏ ਵਾਰਦਾਤ ਲਈ ਵਰਤੀ ਗਈ ਕਾਰ ਤੇ ਅਸਲੇ ਸਣੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕੇਸ ਵਿੱਚ ਦਿਲਪ੍ਰੀਤ ਸਿੰਘ ਉਰਫ ਬੱਬੂ ਦੀ ਗ੍ਰਿਫਤਾਰੀ ਬਾਕੀ ਹੈ।