ਪੱਤਰ ਪ੍ਰੇਰਕ
ਸਮਾਣਾ, 5 ਮਾਰਚ
ਸਮਾਣਾ-ਵੜੈਚਾ ਰੋਡ ’ਤੇ ਪਿੰਗਲ ਆਸ਼ਰਮ ਨੇੜੇ ਮੋਟਰਸਾਈਕਲ ਬੇਕਾਬੂ ਹੋ ਜਾਣ ਕਾਰਨ ਸੜਕ ’ਤੇ ਡਿੱਗੇ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਜ਼ਖ਼ਮੀ ਹੋ ਗਿਆ।
ਸਿਟੀ ਪੁਲੀਸ ਦੇ ਏਐੱਸਆਈ ਸ਼ਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਤਿਨ ਕੁਮਾਰ (36) ਦੀ ਪਤਨੀ ਰੋਜ਼ੀ ਵਾਸੀ ਚੌਕ ਬਾਜ਼ਾਰ ਵੱਲੋਂ ਦਰਜ ਬਿਆਨਾਂ ਅਨੁਸਾਰ ਉਸ ਦਾ ਪਤੀ ਪਿੰਡਾਂ ’ਚ ਕੱਪੜਾ ਵੇਚਣ ਦਾ ਕੰਮ ਕਰਦਾ ਸੀ ਜੋ ਸ਼ੁੱਕਰਵਾਰ ਸਵੇਰੇ ਆਪਣੇ ਦੋਸਤ ਵਰਿੰਦਰ ਕੁਮਾਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੱਪੜਾ ਵੇਚਣ ਜਾ ਰਿਹਾ ਸੀ ਤਾਂ ਪਿੰਗਲਾ ਆਸ਼ਰਮ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਕਰ ਗਿਆ, ਜਿਸ ਕਾਰਨ ਵਰਿੰਦਰ ਕੁਮਾਰ ਕੱਚੇ ’ਚ ਡਿੱਗਣ ਕਾਰਨ ਬਚ ਗਿਆ ਪਰ ਉਸ ਦਾ ਪਤੀ ਸੜਕ ’ਤੇ ਡਿੱਗ ਪਿਆ ਜਿਸ ਕਾਰਨ ਉਸ ਦੇ ਸਿਰ ’ਚ ਸੱਟ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਮਗਰੋਂ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ।
ਵਾਹਨ ਦੀ ਫੇਟ ਲੱਗਣ ਕਾਰਨ ਵਿਅਕਤੀ ਦੀ ਮੌਤ
ਸਮਾਣਾ (ਪੱਤਰ ਪ੍ਰੇਰਕ): ਸਮਾਣਾ-ਖਨੌਰੀ ਸੜਕ ’ਤੇ ਸਥਿਤ ਪਿੰਡ ਦੁਤਾਲ ਨੇੜੇ ਅਣਪਛਾਤੇ ਵਾਹਨ ਦੀ ਫੇਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਪਾਤੜਾਂ ਥਾਣੇ ਦੇ ਏਐੱਸਆਈ ਲਾਭ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੀਵਨ ਲਾਲ (48) ਦੇ ਪੁੱਤਰ ਜੌਲੀ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਿਤਾ ਬੈਂਡ ਵਜਾਉਣ ਦਾ ਕੰਮ ਕਰਦਾ ਸੀ ਜੋ ਵੀਰਵਾਰ ਨੂੰ ਪਟਿਆਲਾ ਤੋਂ ਆਪਣਾ ਕੰਮ ਮੁਕਾ ਕੇ ਸਮਾਣਾ ਲਈ ਬੱਸ ਵਿੱਚ ਸਵਾਰ ਹੋਇਆ ਸੀ ਪਰ ਨੀਂਦ ਵਿੱਚ ਹੋਣ ਕਾਰਨ ਉਹ ਸਮਾਣਾ ਉਤਰਨ ਦੀ ਥਾਂ ਪਾਤੜਾਂ ਜਾ ਪਹੁੰਚਿਆ। ਹਨ੍ਹੇਰਾ ਹੋਣ ਕਾਰਨ ਉਹ ਪੈਦਲ ਹੀ ਸਮਾਣਾ ਦੀ ਬਜਾਏ ਖਨੌਰੀ ਵੱਲ ਨੂੰ ਪੈਦਲ ਚੱਲ ਪਿਆ। ਪਿੰਡ ਦੁਤਾਲ ਨੇੜੇ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।