ਪੱਤਰ ਪ੍ਰੇਰਕ
ਰਾਜਪੁਰਾ, 1 ਜਨਵਰੀ
ਇਥੋਂ ਦੀ ਉਜਾੜਾ ਰੋਕੂ ਸੰਘਰਸ਼ ਕਮੇਟੀ ਸੀਲ ਕੈਮੀਕਲ ਵੱਲੋਂ ਫੈਕਟਰੀ ਦੀ ਅਣਵਰਤੀ ਪਈ 533 ਏਕੜ ਜ਼ਮੀਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਦੀ ਪ੍ਰਧਾਨਗੀ ਕਿਸਾਨ ਬੀਬੀਆਂ ਸੋਨੀਆ, ਸ਼ਿੰਦਰ ਕੌਰ, ਬਲਵੀਰ ਕੌਰ ਖਡੌਲੀ, ਰਿੱਤੂ ਸੈਣੀ, ਨਰਿੰਦਰ ਕੌਰ, ਪਰਮਜੀਤ ਕੌਰ, ਕੁਲਜੀਤ ਕੌਰ, ਸੁਰਿੰਦਰ ਕੌਰ ਅਤੇ ਨੀਸ਼ਾ ਰਾਣੀ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਅਣਵਰਤੀ ਜ਼ਮੀਨ ਵਾਪਸੀ ਦੀ ਮੰਗ 32 ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਵੀ ਉਠਾਈ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਅਣਵਰਤੀ ਜ਼ਮੀਨ ਜਲਦੀ ਹੀ ਅਸਲ ਮਾਲਕਾਂ ਨੂੰ ਸੌਂਪੀ ਜਾਵੇਗੀ। ਧਰਨੇ ਨੂੰ ਕਮੇਟੀ ਦੇ ਕਨਵੀਨਰ ਲਸ਼ਕਰ ਸਿੰਘ ਸਰਦਾਰਗੜ੍ਹ, ਬੀ.ਕੇ.ਯੂ (ਚੜੂਨੀ) ਦੇ ਆਗੂ ਗੁਰਚਰਨ ਸਿੰਘ ਸੇਹਰਾ, ਪਵਨ ਕੁਮਾਰ ਸੋਗਲਪੁਰ, ਇਕਬਾਲ ਸਿੰਘ ਮੰਡੌਲੀ, ਪਿਆਰਾ ਸਿੰਘ, ਕਰਮ ਸਿੰਘ ਖਡੌਲੀ, ਪੱਪੂ ਰਾਮ ਅਤੇ ਮੇਵਾ ਸਿੰਘ ਭੱਦਕ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕਮੇਟੀ ਦਾ ਇੱਕ ਵਫਦ ਵਾਤਾਵਰਨ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲੇਗਾ। ਬੁਲਾਰਿਆਂ ਨੇ ਹੋਰਨਾਂ ਕਿਸਾਨ ਜਥੇਬੰਦੀਆਂ ਨੂੰ ਵੀ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਇਸ ਮੌਕੇ ਚਿਤਾਵਨੀ ਦਿੱਤੀ ਕਿ ਜ਼ਮੀਨ ਵਾਪਸੀ ਤੱਕ ਧਰਨਾ ਜਾਰੀ ਰਹੇਗਾ।