ਪੱਤਰ ਪ੍ਰੇਰਕ
ਸਮਾਣਾ, 14 ਅਕਤੂਬਰ
ਸਮਾਣਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਦਿਨੋ-ਦਿਨ ਵਧ ਰਹੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਸ਼ਹਿਰ ਵਾਸੀਆਂ ਨੂੰ ਬਾਜ਼ਾਰਾਂ ਵਿੱਚ ਤੰਗ ਰਸਤਿਆਂ ਵਿੱਚੋਂ ਗੁਜਰਨਾ ਪੈਂਦਾ ਹੈ। ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਰਾਤੋ-ਰਾਤ ਹੋ ਰਹੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੀ ਰਾਤ ਗਾਂਧੀ ਗਰਾਊਂਡ, ਸਿਟੀ ਪੁਲੀਸ ਰੋਡ ’ਤੇ ਕੁਝ ਦੁਕਾਨਦਾਰਾਂ ਵੱਲੋਂ ਬਾਜ਼ਾਰਾਂ ਵਿੱਚ ਨਾਜਾਇਜ਼ ਨਿਰਮਾਣ ਕਰਨ ਦੀ ਕੋਸ਼ਿਸ਼ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਜੇ.ਸੀ.ਬੀ.ਮਸ਼ੀਨ ਦੀ ਮਦਦ ਨਾਲ ਅਸਫਲ ਕਰ ਦਿੱਤੀ ਗਈ। ਕੁਝ ਮਹੀਨੇ ਪਹਿਲਾਂ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਕਈ ਬਾਜ਼ਾਰਾਂ ਦੀਆਂ ਦੁਕਾਨਾਂ ਅੱਗੋਂ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਸੜਕ ਦੇ ਦੋਵਾਂ ਪਾਸਿਆਂ ’ਤੇ ਪੀਲੀ ਪੱਟੀ ਲਗਾਈ ਗਈ ਸੀ। ਦੁਕਾਨਦਾਰਾਂ ਨੇ ਉਸ ਪਟੀ ’ਤੇ ਵੀ ਕਬਜ਼ਾ ਕਰ ਲਿਆ। ਸਿਟੀ ਥਾਣਾ ਰੋਡ, ਤਹਿਸੀਲ ਰੋਡ ਤੇ ਗਾਂਧੀ ਰੋਡ ਦੇ ਆਲੇ-ਦੁਆਲੇ ਕੁਝ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਜਾਣ ਕਾਰਨ ਸਾਰਾ ਦਿਨ ਆਵਾਜਾਈ ’ਚ ਵਿਘਨ ਪਿਆ ਰਹਿੰਦਾ ਹੈ। ਸ਼ਹਿਰ ਵਿੱਚ ਲੋਕ ਸੜਕਾਂ ’ਤੇ ਗੱਡੀਆਂ ਖੜ੍ਹੀਆਂ ਕਰਕੇ ਬਾਜ਼ਾਰਾਂ ’ਚ ਚਲੇ ਜਾਂਦੇ ਹਨ। ਜਿਸ ਕਾਰਨ ਸੜਕਾਂ ਤੇ ਸਾਰਾ ਦਿਨ ਜਾਮ ਲੱਗਿਆ ਰਹਿੰਦਾ ਹੈ। ਨਗਰ ਕੌਂਸਲ ਪ੍ਰਧਾਨ ਐਡਵੋਕੇਟ ਅਸ਼ਵਨੀ ਗੁਪਤਾ ਨੇ ਕੌਂਸਲ ਉਪ ਪ੍ਰਧਾਨ ਤੇ ਇਕ ਕੌਂਸਲਰ ਦੇ ਪਤੀ ’ਤੇ ਕਬਜ਼ਾਧਾਰੀਆਂ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ ਜਦੋਂਕਿ ਕਾਰਜ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।