ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 28 ਸਤੰਬਰ
ਆਮ ਆਦਮੀ ਪਾਰਟੀ ਰਾਜਪੁਰਾ ਇਕਾਈ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਹਲਕਾ ਇੰਚਾਰਜ ਬਦਲਣ ਅਤੇ ਸਥਾਨਕ ਉਮੀਦਵਾਰ ਨੂੰ ਟਿਕਟ ਦੇਣ ਸਬੰਧੀ ਪ੍ਰੈੱਸ ਕਾਨਫਰੰਸ ਰੱਖੀ ਗਈ ਪਰ ਐਨ ਮੌਕੇ ’ਤੇ ਪ੍ਰੈੱਸ ਕਾਨਫਰੰਸ ਦਾ ਮੂੰਹ-ਮੁਹਾਂਦਰਾ ਬਦਲ ਦਿੱਤਾ ਗਿਆ। ਸੂਤਰਾਂ ਅਨੁਸਾਰ ਪਾਰਟੀ ਦੇ ਕੁਝ ਅਹੁਦੇਦਾਰਾਂ ਉੱਪਰ ਪਾਰਟੀ ਦੇ ਉੱਚ ਅਹੁਦੇਦਾਰਾਂ ਦਾ ਦਬਾਅ ਬਣਨ ਕਾਰਨ ਪ੍ਰੈੱਸ ਕਾਨਫਰੰਸ ਕੇਵਲ ਇੱਕਜੁੱਟਤਾ ਦਿਖਾਉਣ ’ਤੇ ਹੀ ਸਮਾਪਤ ਕਰਨੀ ਪਈ। ਮੀਟਿੰਗ ਵਿੱਚ ਹਲਕਾ ਇੰਚਾਰਜ ਨੀਨਾ ਮਿੱਤਲ, ਸੀਨੀਅਰ ਆਗੂ ਗੁਰਪ੍ਰੀਤ ਧਮੌਲੀ ਤੇ ਦੀਪਕ ਸੂਦ ਗ਼ੈਰਹਾਜ਼ਰ ਰਹੇ।
ਸੂਤਰਾਂ ਅਨੁਸਾਰ ਪ੍ਰੈੱਸ ਕਾਨਫਰੰਸ ਵਿੱਚ ਹਲਕਾ ਇੰਚਾਰਜ ਨੀਨਾ ਮਿੱਤਲ (ਜਿਸ ਨੂੰ ਬਾਹਰੀ ਉਮੀਦਵਾਰ ਦੱਸਿਆ ਜਾ ਰਿਹਾ ਹੈ) ਦੇ ਵਿਰੋਧੀ ਖੇਮੇ ਵੱਲੋਂ ਨੀਨਾ ਮਿੱਤਲ ਦੇ ਸਾਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਜਿਸ ਵਿੱਚ ਇਹ ਮੰਗ ਰੱਖੀ ਜਾਣੀ ਸੀ ਕਿ ਵਿਧਾਨ ਸਭਾ ਚੋਣਾਂ ਲਈ ਰਾਜਪੁਰਾ ਤੋਂ ਸਥਾਨਕ ਉਮੀਦਵਾਰ ਉਤਾਰਿਆ ਜਾਵੇ ਅਤੇ ਹਲਕਾ ਇੰਚਾਰਜ ਬਦਲਿਆ ਜਾਵੇ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਸਥਾਨਕ ਉਮੀਦਵਾਰਾਂ ਦੀ ਦੌੜ ਵਿੱਚ ਸ਼ਾਮਲ ਦੀਪਕ ਸੂਦ, ਪ੍ਰਵੀਨ ਛਾਬੜਾ, ਦਿਨੇਸ਼ ਮਹਿਤਾ ਅਤੇ ਕੈਪਟਨ ਸ਼ੇਰ ਸਿੰਘ ਵਿੱਚੋਂ ਜੇਕਰ ਪਾਰਟੀ ਕਿਸੇ ਨੂੰ ਟਿਕਟ ਦਿੰਦੀ ਹੈ ਤਾਂ ਸਾਰੇ ਗਿਲ੍ਹੇ ਸ਼ਿਕਵੇ ਭੁਲਾ ਕੇ ਉਸ ਦਾ ਡਟਵਾਂ ਸਾਥ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਹੀ ਨੀਨਾ ਮਿੱਤਲ ਗਰੁੱਪ ਦੇ ਬਲਾਕ ਪ੍ਰਧਾਨ ਦਿਨੇਸ਼ ਮਹਿਤਾ ਲੋਕਲ ਉਮੀਦਵਾਰ ਤੇ ਹਲਕਾ ਇੰਚਾਰਜ ਬਦਲਣ ਦੀ ਗੱਲ ਤੋਂ ਪਲਟ ਗਏ ਅਤੇ ਸਾਰੇ ਹੀ ਪ੍ਰਬੰਧਕਾਂ ਨੂੰ ਮੀਡੀਆ ਸਾਹਮਣੇ ਉੱਪਰਲੇ ਮਨ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਹੀ ਕਰਨਾ ਪਿਆ।
ਸੀਨੀਅਰ ਆਗੂ ਬੰਤ ਸਿੰਘ ਨੇ ਮੰਗ ਕੀਤੀ ਕਿ ਪਾਰਟੀ ਹਾਈ ਕਮਾਂਡ ਨੂੰ ਸੰਭਾਵੀ ਜੇਤੂ ਉਮੀਦਵਾਰ ਨੂੰ ਹੀ ਟਿਕਟ ਦੇਣੀ ਚਾਹੀਦੀ ਹੈ, ਉਨ੍ਹਾਂ ਇਸ ਮੌਕੇ ਪ੍ਰਵੀਨ ਛਾਬੜਾ ਨੂੰ ਸਭ ਤੋਂ ਮਜ਼ਬੂਤ ਉਮੀਦਵਾਰ ਦੱਸਿਆ। ਨੀਨਾ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ ਸ਼ੁਰੂ ਹੋਣ ਦੇ ਐਨ ਮੌਕੇ ਹੀ ਫ਼ੋਨ ਆਇਆ ਪਰ ਉਸ ਵਕਤ ਉਹ ਕਿਧਰੇ ਹੋਰ ਰੁੱਝੇ ਹੋਏ ਸਨ। ਦੀਪਕ ਸੂਦ ਤੇ ਗੁਰਪ੍ਰੀਤ ਧਮੌਲੀ ਨੇ ਕਿਹਾ ਕਿ ਉਨ੍ਹਾਂ ਨੂੰ ਮੀਟਿੰਗ ਸਬੰਧੀ ਕੋਈ ਵੀ ਸੁਨੇਹਾ ਨਹੀਂ ਲੱਗਿਆ।