ਪੱਤਰ ਪ੍ਰੇਰਕ
ਪਟਿਆਲਾ, 13 ਜੁਲਾਈ
‘ਕਰੋਨਾਵਾਇਰਸ ਕਾਰਨ ਲੌਕਡਾਊਨ ਕਾਰਨ ਬੰਦ ਹੋਏ ਵਪਾਰ ਦੇ ਚੱਲਦਿਆਂ ਵਪਾਰੀਆਂ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਵਪਾਰ ਜਨ ਸੰਪਰਕ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਸੂਬੇ ਭਰ ਦੇ ਵਪਾਰੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਸੂਬੇ ਅੰਦਰ ਦਿੱਲੀ ਮਾਡਲ ਲਾਗੂ ਕੀਤਾ ਜਾਵੇਗਾ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਪਾਰ ਐਂਡ ਟਰੇਡ ਇੰਡਸਟਰੀ ਵਿੰਗ ਦੇ ਸੂਬਾ ਪ੍ਰਧਾਨ ਨੀਨਾ ਮਿੱਤਲ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਅਭਿਆਨ ਤਹਿਤ ਵਿੰਗ ਦੇ ਅਹੁਦੇਦਾਰਾਂ ਵੱਲੋਂ ਸੂਬੇ ਭਰ ਦੇ ਕਰੀਬ 60 ਹਜ਼ਾਰ ਵੱਡੇ ਅਤੇ ਛੋਟੇ ਵਪਾਰੀਆਂ ਨਾਲ ਚਿੱਠੀ ਰਾਹੀਂ ਰਾਬਤਾ ਕਾਇਮ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਅਤੇ ‘ਆਪ’ ਦੀ ਸਰਕਾਰ ਆਉਣ ’ਤੇ ਇਨ੍ਹਾਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਦੂਰ ਕੀਤਾ ਜਾਵੇਗਾ। ਨੀਨਾ ਮਿੱਤਲ ਨੇ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ’ਤੇ ਦਿੱਲੀ ਦਾ ਮਾਡਲ ਅਪਣਾ ਕੇ ਪੰਜਾਬ ਦੇ ਵਪਾਰੀਆਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਪਾਰ ਵਿੰਗ ਦੇ ਸੂਬੇ ਭਰ ਦੇ ਅਹੁਦੇਦਾਰਾਂ ਵੱਲੋਂ ‘ਸ਼ਾਪ ਟੂ ਸ਼ਾਪ’ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਅਤੇ ਕੇਂਦਰ ਸਰਕਾਰ ਵਪਾਰੀਆਂ ਤੇ ਇੰਡਸਟਰੀ ਦੇ ਸਾਰੇ ਟੈਕਸ ਮੁਆਫ਼ ਕਰੇ, ਪਿਛਲੇ ਤਿੰਨ ਮਹੀਨਿਆਂ ਦੇ ਬਿਜਲੀ ਬਿੱਲ ਮੁਆਫ਼ ਕੀਤੇ ਜਾਣ ਅਤੇ ਮੰਦੀ ਦੀ ਮਾਰ ਝੱਲ ਰਹੇ ਵਪਾਰੀਆਂ ਲਈ ਆਰਥਿਕ ਪੈਕੇਜ ਤੁਰੰਤ ਜਾਰੀ ਕੀਤੇ ਜਾਣ।