ਪੱਤਰ ਪ੍ਰੇਰਕ
ਘੱਗਾ, 17 ਜਨਵਰੀ
ਹਲਕਾ ਸ਼ੁਤਰਾਣਾ ’ਚ ਆਮ ਆਦਮੀ ਪਾਰਟੀ ‘ਆਪ’ ਵੱਲੋਂ ਕੁਲਵੰਤ ਸਿੰਘ ਬਾਜ਼ੀਗਰ ਨੂੰ ਟਿਕਟ ਦੇਣ ਮਗਰੋਂ ‘ਆਪ’ ਦੇ ਬਹੁਤ ਸਾਰੇ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਪਾਰਟੀ ਛੱਡ ਦਿੱਤੇ ਜਾਣ ਕਾਰਨ ਪਾਰਟੀ ਲਈ ਮਾਯੂਸੀ ਦਾ ਆਲਮ ਹੈ।
ਹਲਕੇ ਤੋਂ ‘ਆਪ’ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਨਰਾਇਣ ਸਿੰਘ ਨਰਸੋਤ ਨੂੰ ‘ਆਪ’ ਵੱਲੋਂ ਅਣਗੌਲਿਆਂ ਕਰਨ ਮਗਰੋਂ ਨਰਸੋਤ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਹੋ ਗਏ ਤੇ ਇਸ ਤੋਂ ਪਹਿਲਾਂ ਹਰਸ਼ਦੀਪ ਲਾਡੀ ਜੋ ਹਲਕਾ ਸ਼ੁਤਰਾਣਾ ਤੋਂ ਸਾਬਕਾ ਮੰਤਰੀ ਹਮੀਰ ਸਿੰਘ ਦੇ ਪੁੱਤਰ ਹਨ, ਵੀ ‘ਆਪ’ ਤੋਂ ਕਿਨਾਰਾ ਕਰਕੇ ਪੰਜਾਬ ਲੋਕ ਕਾਂਗਰਸ ਜਾ ਰਲੇ। ‘ਆਪ’ ਦੇ ਸਾਬਕਾ ਹਲਕਾ ਇੰਚਾਰਜ ਦਵਿੰਦਰ ਸਿੰਘ ਬਰਾਸ ਦੇ ਪਾਰਟੀ ਛੱਡ ਜਾਣ ਨਾਲ ਪਾਰਟੀ ਲਈ ਹੋਰ ਮੁਸ਼ਕਲ ਬਣ ਗਈ ਹੈ। ਹਲਕਾ ਸ਼ੁਤਰਾਣਾ ਤੋਂ 2017 ’ਚ ‘ਆਪ’ ਤੋਂ ਚੋਣ ਲੜ ਚੁੱਕੀ ਪਲਵਿੰਦਰ ਕੌਰ ਨੂੰ ਪਾਰਟੀ ਨੇ ਕਦੇ ਗੌਲਿਆ ਨਹੀਂ ਹੈ ਜਦੋਂਕਿ ਪਲਵਿੰਦਰ ਕੌਰ 32 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੀ ਸੀ ਪਰ ਮੌਜੂਦਾ ਉਮੀਦਵਾਰ ਕੁਲਵੰਤ ਬਾਜ਼ੀਗਰ ਉਸ ਨੂੰ ਆਪਣੇ ਨਾਲ ਨਹੀਂ ਤੋਰ ਸਕੇ। ਫਿਲਹਾਲ ਅਕਾਲੀ ਦਲ ਦੀ ਬੀਬੀ ਵਨਿੰਦਰ ਕੌਰ ਲੂੰਬਾ ਤੇ ‘ਆਪ’ ਦੇ ਕੁਲਵੰਤ ਬਾਜ਼ੀਗਰ ਚੋਣ ਮੈਦਾਨ ’ਚ ਹਨ। ਬਾਕੀ ਪਾਰਟੀਆਂ ਨੇ ਹਾਲੇ ਉਮੀਦਵਾਰ ਨਹੀਂ ਐਲਾਨੇ।