‘ਆਪ’ ਵੱਲੋਂ ਤ੍ਰਿਪੜੀ ਇਲਾਕੇ ’ਚ ਪ੍ਰਦਰਸ਼ਨ

ਨਸ਼ਾ ਤਸਕਰੀ ਤੇ ਸ਼ਰਾਬ ਮਾਫੀਆ ਪਿੱਛੇ ਕੈਪਟਨ ਸਰਕਾਰ ਦਾ ਹੱਥ: ਪ੍ਰੀਤੀ ਮਲਹੋਤਰਾ

‘ਆਪ’ ਵੱਲੋਂ ਤ੍ਰਿਪੜੀ ਇਲਾਕੇ ’ਚ ਪ੍ਰਦਰਸ਼ਨ

ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ‘ਆਪ’ ਕਾਰਕੁਨ

ਗੁਰਨਾਮ ਸਿੰਘ ਅਕੀਦਾ

ਪਟਿਆਲਾ, 2 ਅਗਸਤ 

ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਸੂਬੇ ਦੀ ਕਾਂਗਰਸ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਅੱਜ ਆਮ ਆਦਮੀ ਪਾਰਟੀ ਦੇ ਦਿਹਾਤੀ ਹਲਕੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ’ਤੇ ਦੋਸ਼ ਲਗਾਏ ਗਏ ਕਿ ਰਾਜਪੁਰਾ ਅਤੇ ਘਨੌਰ ਹਲਕੇ ਵਿਚ ਫੜੀ ਗਈ ਸ਼ਰਾਬ ਦੀ ਨਾਜਾਇਜ਼ ਫ਼ੈਕਟਰੀ ਸਬੰਧੀ ਸਰਕਾਰ ਵੱਲੋਂ ਕਥਿਤ ਤੌਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਸ਼ਰਾਬ ਮਾਫ਼ੀਆ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਅਤੇ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਕਈ ਮੌਤਾਂ ਹੋ ਗਈਆਂ। 

ਅੱਜ ਪਟਿਆਲਾ ਦਿਹਾਤੀ ਇੰਚਾਰਜ ਪ੍ਰੀਤੀ ਮਲਹੋਤਰਾ ਤੇ ਪੌਲਿਟੀਕਲ ਰੀਵਿਊ ਕਮੇਟੀ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿਚ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਪੰਜਾਬ ਵਿੱਚ ਹੋ ਰਹੀ ਨਸ਼ੇ ਦੀ ਤਸਕਰੀ ਅਤੇ ਸ਼ਰਾਬ ਮਾਫ਼ੀਆ ਪਿੱਛੇ ਕੈਪਟਨ ਸਰਕਾਰ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਐਕਸਾਈਜ਼ ਅਤੇ ਗ੍ਰਹਿ ਮੰਤਰਾਲੇ ਦੀ ਦੇਖਰੇਖ ਕਰਦੇ ਹਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨੇ ਕਈ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ ਅਤੇ ਰੱਖੜੀ ਮੌਕੇ ਕਈ ਭੈਣਾਂ ਦੇ ਭਰਾ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਸ ਮੌਕੇ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨਸ਼ਾ ਪੰਜਾਬ ਦਾ ਯੂਥ ਨੂੰ ਖ਼ਤਮ ਕਰ ਰਿਹਾ ਹੈ ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਮੇਜਰ ਆਰਪੀਐੱਸ ਮਲਹੋਤਰਾ, ਪ੍ਰਧਾਨ ਸਾਬਕਾ ਫ਼ੌਜੀ ਵਿੰਗ ਪੰਜਾਬ, ਮੇਘ ਚੰਦ ਸ਼ੇਰ ਮਾਜਰਾ ਮੀਤ ਪ੍ਰਧਾਨ ਮਾਲਵਾ ਜ਼ੋਨ-3, ਜੇਪੀ ਸਿੰਘ, ਅੰਗਰੇਜ਼ ਸਿੰਘ, ਰਾਜ ਕੁਮਾਰ ਪ੍ਰਧਾਨ ਸੋਸ਼ਲ ਮੀਡੀਆ ਪਟਿਆਲਾ, ਅਸ਼ੋਕ ਸਿਰਸਵਾਲ, ਪ੍ਰੀਤਮ ਸਿੰਘ, ਸੰਜੀਵ ਗੁਪਤਾ ਜ਼ਿਲ੍ਹਾ ਪ੍ਰਧਾਨ ਵਪਾਰ ਵਿੰਗ, ਸੁਖਦੇਵ ਸਿੰਘ ਭੱਟੀ, ਪ੍ਰੇਮ ਸਿੰਘ, ਹਰਜੀਤ ਸਿੰਘ ਰਜਿੰਦਰ ਸਿੰਘ ਕੋਹਲੀ ਆਦਿ ਹਾਜ਼ਰ ਸਨ।

ਭਵਾਨੀਗੜ੍ਹ ਵਿੱਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਅੱਜ ਇਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਤੇ ਪੁਰਾਣੇ ਬੱਸ ਅੱਡੇ ਨੇੜੇ ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਦੀ ਸਹਿ-ਪ੍ਰਧਾਨ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਤਰਨ ਤਾਰਨ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਰੋਸ ਵੱਜੋਂ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੀਬੀ ਭਰਾਜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਪਰ ਸੂਬੇ ਵਿੱਚ ਨਸ਼ਿਆਂ ਦਾ ਰੁਝਾਨ ਹੋਰ ਤੇਜ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੌਤਾਂ ਕਾਰਨ ਬਹੁਤ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀਆਂ ਬੰਨ੍ਹਣ ਤੋਂ ਰਹਿ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਨਸ਼ੇ ਦੇ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। 

ਰਾਜਪੁਰਾ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋੲੇ ‘ਆਪ’ ਵਰਕਰਜ਼।

ਰਾਜਪੁਰਾ ਦੇ ਟਾਹਲੀ ਵਾਲਾ ਚੌਕ ’ਤੇ ਆਮ ਆਦਮੀ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ

ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਪੰਜਾਬ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਨੂੰ ਲੈ ਕੇ ‘ਆਪ’ ਵੱਲੋਂ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਆਗੂਆਂ ਨੀਨਾ ਮਿੱਤਲ, ਬੰਤ ਸਿੰਘ ਹਾਸ਼ਮਪੁਰ, ਸੰਦੀਪ ਬਾਵਾ, ਦਿਨੇਸ਼ ਮਹਿਤਾ ਅਤੇ ਇਸਲਾਮ ਅਲੀ ਦੀ ਅਗਵਾਈ ਵਿੱਚ ਟਾਹਲੀ ਵਾਲਾ ਚੌਕ ਵਿਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਨੀਨਾ ਮਿੱਤਲ, ਬੰਤ ਸਿੰਘ ਹਾਸ਼ਮਪੁਰ ਸਣੇ ਹੋਰਨਾਂ ਆਗੂਆਂ ਨੇ ਆਖਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਤਰਨ ਤਾਰਨ, ਬਟਾਲਾ ਅਤੇ ਜੰਡਿਆਲਾ ਗੁਰੂ (ਅੰਮ੍ਰਿਤਸਰ) ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 86 ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਆਗੂਆਂ ਨੇ ਦੋਸ਼ ਲਗਾਇਆ ਕਿ ਜ਼ਹਿਰੀਲੀ ਸ਼ਰਾਬ ਵੇਚਣ ਦੇ ਧੰਦੇ ਵਿੱਚ ਸਤਾਧਾਰੀ ਧਿਰ ਦੇ ਆਗੂਆਂ ਦੀ ਸ਼ਮੂਲੀਅਤ ਹੋਣ ਕਾਰਨ  ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕੇਵਲ ਐਕਸਾਈਜ਼ ਅਤੇ ਪੁਲੀਸ ਵਿਭਾਗ ਕੁਝ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤ ਸਬੰਧੀ ਸੀਬੀਆਈ ਤੋਂ ਜਾਂਚ ਕਰਵਾ ਕੇ ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਦਵਿੰਦਰ ਲੁਥਰਾ, ਪ੍ਰਸ਼ੋਤਮ, ਦਰਸ਼ਨ ਸਿੰਘ ਅਤੇ ਹੋਰ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All