ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਅਪਰੈਲ
ਇੱਥੇ ਪਟਿਆਲਾ ਦੀ ਮੁੱਖ ਸਬਜ਼ੀ ਮੰਡੀ ਸਨੌਰ ਰੋਡ ’ਤੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਤੇ ਸੀਨੀਅਰ ਆਗੂ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਧਰਨਾ ਦਿੱਤਾ। ਇਹ ਧਰਨਾ ਕਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਘੱਟ ਤੋਂ ਘੱਟ ਵਾਲੰਟੀਅਰ ਲੈ ਕੇ ਦਿੱਤਾ ਗਿਆ। ਇਸ ਦੌਰਾਨ ਸ੍ਰੀ ਗੋਗੀਆ ਤੇ ਸ੍ਰੀ ਢਿੱਲੋਂ ਨੇ ਕਿਹਾ ਕਿ ਲੋਕ ਕਰੋਨਾ ਵਰਗੇ ਭਿਆਨਕ ਹਾਲਾਤ ’ਚੋਂ ਗੁਜ਼ਰ ਰਹੇ ਹਨ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਰੋਨਾ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਬਜ਼ੀ ਮੰਡੀ ਵਿਚ ਲੱਗਣ ਵਾਲੇ ਆੜ੍ਹਤ ਟੈਕਸ ਤੋਂ ਛੂਟ ਦਿੱਤੀ ਜਾਵੇ। ਉਲਟਾ ਸਰਕਾਰ ਨੇ ਮੰਡੀ ਨੂੰ ਨਿੱਜੀ ਹੱਥ ’ਚ ਦੇ ਦਿੱਤਾ ਹੈ। ਇੱਥੇ ਹੁਣ ਦਾਖ਼ਲ ਹੋਣ ਲਈ ਹਰ ਵਾਹਨ, ਟਰੈਕਟਰ ਟਰਾਲੀ, ਗੱਡਾ, ਰੇਹੜਾ, ਟੈਂਪੂ, ਸਣੇ ਹਰ ਵੱਡੇ ਵਾਹਨ ’ਤੇ ਵੀ ਟੈਕਸ ਲਗਾ ਦਿੱਤਾ ਹੈ। ਅਜਿਹਾ ਕਰ ਕੇ ਸਰਕਾਰ ਨੇ ਆਪਣਾ ਅਸਲੀ ਲੋਕ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਹੈ। ਸ੍ਰੀ ਗੋਗੀਆ ਤੇ ਢਿੱਲੋਂ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਪੱਖੀ ਕਹਾਉਣ ਵਾਲੀ ਪੰਜਾਬ ਸਰਕਾਰ ਨੇ ਕਿਸਾਨ ਨੂੰ ਵੀ ਨਹੀਂ ਬਖ਼ਸ਼ਿਆ, ਟਰੈਕਟਰ ਟਰਾਲੀ ’ਤੇ ਵੀ ਟੈਕਸ ਲਗਾ ਦਿੱਤਾ ਹੈ। ਇਹ ਪੰਜਾਬ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਆਉਣ ’ਤੇ ਅਜਿਹੇ ਟੈਕਸ ਤੋਂ ਨਿਜਾਤ ਦਿਵਾਈ ਜਾਵੇਗੀ।
ਇਸ ਦੌਰਾਨ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਜਲਦੀ ਹੀ ਲੋਕਾਂ ਦੀ ਮਦਦ ਨਾਲ ਵੱਡਾ ਸੰਘਰਸ਼ ਸ਼ੁਰੂ ਕਰਨਗੇ। ਇਸ ਮੌਕੇ ਲਖਵਿੰਦਰ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਢਿੱਲੋਂ ਬਲਾਕ ਇੰਚਾਰਜ, ਰਾਕੇਸ਼ ਸਿੰਗਲਾ ਸਰਕਲ ਇੰਚਾਰਜ ਅਤੇ ਪ੍ਰੀਤੀ ਮਹਿਲਾ ਵਿੰਗ ਤੋਂ ਇਲਾਵਾ ਵੱਡੀ ਗਿਣਤੀ ’ਚ ਆਮ ਲੋਕ ਵੀ ਮੌਜੂਦ ਸਨ।