ਪੱਤਰ ਪ੍ਰੇਰਕ
ਪਟਿਆਲਾ, 14 ਨਵੰਬਰ
ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਆਗੂ ਮੇਜਰ ਆਰਪੀਐਸ ਮਲਹੋਤਰਾ ਨੇ ਅੱਜ ਇੱਥੇ ਰਾਜਿੰਦਰ ਹਸਪਤਾਲ ਦੇ ਬਾਹਰ ਧਰਨੇ ’ਤੇ ਬੈਠੇ ਕਰੋਨਾ ਵਾਰੀਅਰਜ਼ ਨਾਲ ਹੀ ਬੈਠ ਕੇ ਧਰਨਾ ਦਿੱਤਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਕਰੋਨਾ ਵਾਰੀਅਰਜ਼ ਨੇ ਉਨ੍ਹਾਂ ਨੂੰ ਦੱਸਿਆ ਕਿ ਮਾਰਚ 2020 ਤੋਂ ਸਤੰਬਰ 2021 ਤੱਕ, ਪੰਜਾਬ ਸਰਕਾਰ ਨੇ ਇਨ੍ਹਾਂ 1325 ਪੜ੍ਹੇ-ਲਿਖੇ ਨਰਸਿੰਗ ਆਦਿ ਦੀ ਪੜ੍ਹਾਈ ਵਿੱਚ ਯੋਗਤਾ ਪ੍ਰਾਪਤ ਨੌਜਵਾਨ ਬੱਚਿਆਂ ਨੂੰ ਨਾ ਸਿਰਫ਼ ਕਰੋਨਵਾਇਰਸ ਵਿਰੁੱਧ ਢਾਲ ਵਜੋਂ ਵਰਤਿਆ, ਬਲਕਿ ਉਨ੍ਹਾਂ ਨੂੰ ਸਿਰਫ਼ 8000 ਰੁਪਏ ਮਹੀਨਾ ਅਦਾ ਕੀਤੇ ਅਤੇ ਹੁਣ ਜਦੋਂ ਕਿ ਕਰੋਨਾ ਵਾਇਰਸ ਲਗਪਗ ਖ਼ਤਮ ਹੋ ਚੁੱਕਾ ਹੈ, ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਕੇ ਸੜਕਾਂ ‘ਤੇ ਸੁੱਟ ਦਿੱਤਾ ਗਿਆ ਹੈ। ਇਸ ਦੌਰਾਨ ਇਨ੍ਹਾਂ ਵਿੱਚੋਂ ਕਈ ਨੌਜਵਾਨਾਂ ਨੂੰ ਜਾਨ ਵੀ ਗੁਆਉਣੀ ਪਈ ਹੈ। ਮੇਜਰ ਮਲਹੋਤਰਾ ਨੇ ਕਿਹਾ ਕਿ ਜਿਹੜਾ ਸਮਾਜ ਆਪਣੇ ਨੌਜਵਾਨ ਬੱਚਿਆਂ ਨੂੰ ਅਜਿਹੇ ਖ਼ਤਰਨਾਕ ਤਰੀਕੇ ਨਾਲ ਵਰਤਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਦੀ ਦੇਖਭਾਲ ਨਹੀਂ ਕਰਦਾ, ਉਸ ਸਮਾਜ ਦਾ ਭਵਿੱਖ ਉੱਜਵਲ ਨਹੀਂ ਹੋ ਸਕਦਾ। ਮੇਜਰ ਮਲਹੋਤਰਾ ਨੇ ਸਰਕਾਰ ਦੇ ਇਨ੍ਹਾਂ ਨੌਜਵਾਨਾਂ ਪ੍ਰਤੀ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨੂੰ ਤੁਰੰਤ ਸਿਹਤ ਵਿਭਾਗ ਵਿੱਚ ਪੱਕੀ ਸਰਕਾਰੀ ਨੌਕਰੀ ‘ਤੇ ਭਰਤੀ ਕੀਤਾ ਜਾਵੇ ਅਤੇ ਪਹਿਲੇ ਦਿਨ ਤੋਂ ਪੂਰੇ ਸਕੇਲ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਕਰੋਨਾ ਯੋਧਿਆਂ ਨੂੰ ਉਨ੍ਹਾਂ ਦੇ ਪੂਰੇ ਹੱਕ ਦਿੱਤੇ ਜਾਣਗੇ।