ਗਰੀਬਾਂ ਦੀ ਸੇਵਾ ਲਈ ਹਰ ਕਾਰਵਾਈ ਸਹਿਣ ਲਈ ਤਿਆਰ : ਗੋਗੀਆ; ਸਰਕਾਰ ’ਤੇ ਗਰੀਬਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਸਤੰਬਰ
ਅੱਜ ਇੱਥੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਆਗੂਆਂ ਨੇ ਗ਼ਰੀਬ ਘਰਾਂ ਦੇ ਬਿਜਲੀ ਵਿਭਾਗ ਵੱਲੋਂ ਕੱਟੇ
ਕੁਨੈਕਸ਼ਨ ਜੋੜ ਦਿੱਤੇ। ਇਸ ਦੌਰਾਨ ‘ਆਪ’ ਦੀ ਸ਼ਹਿਰੀ ਇਕਾਈ ਦੇ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਉਹ ਗ਼ਰੀਬਾਂ ਦੀ ਸੇਵਾ ਲਈ ਹਰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਪੀੜਤ ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਮਕਾਨ ਮਾਲਕ ਕਿਤੇ ਹੋਰ ਰਹਿੰਦਾ ਹੈ। ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਹ ਬਿੱਲ ਨਹੀਂ ਭਰ ਸਕਿਆ। ਹੁਣ ਉਸ ਦਾ ਪੈਂਡਿੰਗ ਬਿਲ 20 ਹਜ਼ਾਰ ਤੋਂ ਵੱਧ ਹੋ ਗਿਆ ਹੈ। ਵਿਭਾਗ ਨੇ 15-20 ਦਿਨ ਪਹਿਲਾਂ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਸੀ। ਉਸ ਨੇ ਦੱਸਿਆ ਕਿ ਉਸਨੇ ਕਈ ਵਾਰ ਮਿੰਨਤਾਂ ਕੀਤੀਆਂ, ਪਰ ਕੋਈ ਸੁਣਵਾਈ ਨਹੀਂ ਹੋਈ। ਇੱਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਦੇ ਬਿਜਲੀ ਮੁਆਫ਼ੀ ਹੁਕਮਾਂ ਤੋਂ ਬਾਅਦ ਵੀ ਨੋਟੀਫ਼ਿਕੇਸ਼ਨ ਦੀ ਉਡੀਕ ਦਾ ਕਹਿ ਕੇ ਪੱਲਾ ਝਾੜਿਆ ਗਿਆ। ਇਸ ਲਈ ਉਹ ‘ਆਪ’ ਵਲੰਟੀਅਰਾਂ ਕੋਲ ਗਏ। ਕੁੰਦਨ ਗੋਗੀਆ ਨੇ ਸੂਬਾ ਸਰਕਾਰ ਉੱਤੇ ਦੋਸ਼ ਲਾਇਆ ਕਿ ਉਹ ਬਿਜਲੀ ਬਿੱਲਾਂ ਦੇ ਨਾਂਅ ਹੇਠ ਗ਼ਰੀਬ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਤਾਂ ਸਿਰਫ਼ ਇੱਕ ਜਾਂ ਦੋ ਬਲਬ ਹੀ ਜਗਾਉਂਦੇ ਹਨ ਪਰ ਬਿਲ ਇਨ੍ਹਾਂ ਨੂੰ ਹਜ਼ਾਰਾਂ ਦੇ ਫੜਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਗਰੀਬਾਂ ਨਾਲ ਇਹ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਸਿਮਰਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ, ਰਾਜਿੰਦਰ ਮੋਹਨ ਬਲਾਕ ਪ੍ਰਧਾਨ, ਭਰਤ ਭੂਸ਼ਨ, ਜਗਤਾਰ ਸਿੰਘ ਤਾਰੀ, ਕਨ੍ਹਈਆ ਲਾਲ ਮੁਲਤਾਨੀ, ਅੰਕਿਤ ਸ਼ਰਮਾ, ਰਜਤ ਜਿੰਦਲ ਤੇ ਨੀਲਾਕਾਂਤ ਲੱਕੀ ਆਦਿ ਹਾਜ਼ਰ ਸਨ।
ਪੀੜਤ ਦਾ ਬਿਜਲੀ ਕੁਨੈਕਸ਼ਨ ਜੋੜਦੇ ਹੋਏ ‘ਆਪ’ ਕਾਰਕੁਨ।