ਪੱਤਰ ਪ੍ਰੇਰਕ
ਦੇਵੀਗੜ੍ਹ, 3 ਸਤੰਬਰ
ਬਲਾਕ ਭੁਨਰਹੇੜੀ ਦੇ ਪਿੰਡ ਮਸੀਂਗਣ ਵਿੱਚ ਸੀਵਰੇਜ ਦੇ ਪਾਣੀ ਨੂੰ ਸੰਭਾਲਣ ਦਾ ਯੋਗ ਪ੍ਰਬੰਧ ਨਾ ਹੋਣ ਕਰ ਕੇ ਲੋਕ ਬੜੇ ਪ੍ਰੇਸ਼ਾਨ ਹਨ। ਛੱਪੜ ਵਿੱਚ ਪਾਣੀ ਓਵਰਫਲੋਅ ਹੋ ਕੇ ਨਾਲ ਦੀ ਮਾਲਕੀ ਵਾਲੀ ਜ਼ਮੀਨ ਨੂੰ ਵੀ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ, ਜਿਸ ਕਰ ਕੇ ਮਾਲਕੀ ਵਾਲੀ ਜ਼ਮੀਨ ਅਤੇ ਛੱਪੜ ਵਿੱਚ ਕੋਈ ਅੰਤਰ ਨਹੀਂ ਦਿਖਾਈ ਦਿੰਦਾ। ਸਭ ਤੋਂ ਵੱਡਾ ਮਸਲਾ ਫਿਰਨੀ ਦਾ ਹੈ ਜੋ ਪੂਰੀ ਤਰਾਂ ਪਾਣੀ ਦੀ ਲਪੇਟ ’ਚ ਆਉਣ ਕਰ ਕੇ ਪਿੰਡ ਵਾਸੀਆਂ ਅਤੇ ਰਾਹਗੀਰਾਂ ਦੇ ਲੰਘਣ ਯੋਗ ਨਹੀਂ ਰਹੀ। ਪਿੰਡ ਵਾਸੀਆਂ ਦੀ ਮੰਗ ਹੈ ਕਿ ਜਿੱਥੇ ਪਿੰਡ ਦੀ ਸੀਵਰੇਜ ਪ੍ਰਣਾਲੀ ਸਹੀ ਕੀਤੀ ਜਾਵੇ ਉੱਥੇ ਹੀ ਇਹ ਫਿਰਨੀ ਉੱਚੀ ਚੁੱਕ ਕੇ ਨਵੀਂ ਤਿਆਰ ਕੀਤੀ ਜਾਵੇ। ਇਸ ਮੁੱਦੇ ਨੂੰ ਲੈ ਕੇ ਮੌਕਾ ਦੇਖਣ ਉਪਰੰਤ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਆਗੂ ਇੰਦਰਜੀਤ ਸਿੰਘ ਸੰਧੂ ਨੇ ਆਖਿਆ ਕਿ ਇਸ ਮਸਲੇ ਨੂੰ ਦੇਖਣ ਤੋਂ ਬਾਅਦ ਸਾਬਿਤ ਹੋ ਜਾਂਦਾ ਹੈ ਕਿ ਸਰਕਾਰ ਵੱਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵੇ ਸਭ ਝੂਠ ਦਾ ਪੁਲੰਦਾ ਹਨ ਅਤੇ ਵਿਕਾਸ ਨਾ ਦੀ ਚੀਜ਼ ਅਸਲੀਅਤ ’ਚ ਕਿਤੇ ਵੀ ਨਜ਼ਰ ਨਹੀਂ ਆਉਂਦੀ। ਇਸ ਮੌਕੇ ਹਾਜ਼ਰ ਲੋਕਾਂ ਨੇ ਮੰਗ ਕੀਤੀ ਕਿ ਇਸ ਮਸਲੇ ਨੂੰ ਪਹਿਲ ਦੇ ਅਧਾਰ ’ਤੇ ਵਿਚਾਰਿਆ ਜਾਵੇ।