ਹਰਦੀਪ ਸਿੰਘ ਭੰਗੂ
ਭਾਦਸੋਂ, 3 ਅਕਤੂਬਰ
ਨਾਭਾ ਹਲਕੇ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਅਕਸਰ ਹੀ ਕਿਸੇ ਨਾ ਕਿਸੇ ਮੁੱਦੇ ’ਤੇ ਸੁਰਖੀਆਂ ਵਿੱਚ ਛਾਏ ਰਹਿੰਦੇ ਹਨ। ਜਿਸ ਦੀ ਉਦਾਹਰਨ ਅੱਜ ਭਾਦਸੋਂ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਥਾਣਾ ਭਾਦਸੋਂ ਦੀ ਪਾਇਲਟ ਰੈਪਿਡ ਗੱਡੀ ਧਰਮਸੋਤ ਨੂੰ ਲੈ ਕੇ ਭਾਦਸੋਂ ਪੁੱਜੀ ਤਾਂ ਮੌਕੇ ’ਤੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਨਾਭਾ ਦੇ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ ਨੇ ਭਾਦਸੋਂ ਪੁਲੀਸ ਵੱਲੋਂ ਧਰਮਸੋਤ ਨੂੰ ਦਿੱਤੀ ਜਾਂਦੀ ਸਹੂਲਤ ਬਾਰੇ ਥਾਣਾ ਮੁਖੀ ਸੁਖਦੇਵ ਸਿੰਘ ਨਾਲ ਇਸ ਕਾਰਗੁਜਾਰੀ ’ਤੇ ਸਵਾਲ ਖੜ੍ਹੇ ਕੀਤੇ। ਦੇਵ ਮਾਨ ਨੇ ਮੌਕੇ ’ਤੇ ਪੁੱਜੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਧਾਇਕ ਧਰਮਸੋਤ ਅੱਜ ਵੀ ਕੈਬਨਿਟ ਮੰਤਰੀ ਵਾਲੇ ਸ਼ਾਹੀ ਠਾਠ ਦਾ ਨਿੱਘ ਮਾਣ ਰਹੇ ਹਨ ਜਦੋਂਕਿ ਪ੍ਰੋਟੋਕੋਲ ਮੁਤਾਬਕ ਸਿਰਫ ਮੰਤਰੀ ਪੱਧਰ ’ਤੇ ਹੀ ਲੋਕਲ ਥਾਣੇ ਵੱਲੋਂ ਪੁਲੀਸ ਮੁਲਾਜ਼ਮ ਗੱਡੀ ਸਮੇਤ ਭੇਜੇ ਜਾਂਦੇ ਹਨ। ਪਰ ਹੁਣ ਧਰਮਸੋਤ ਜੋ ਸਿਰਫ਼ ਵਿਧਾਇਕ ਹੀ ਹਨ ਤੇ ਉਨ੍ਹਾਂ ਦੀ ਚਾਪਲੂਸੀ ਕਰਨ ਲਈ ਪੁਲੀਸ ਵੱਲੋਂ ਰੈਪਿਡ ਗੱਡੀ ਮੁਲਾਜ਼ਮਾਂ ਸਮੇਤ ਭੇਜ ਕੇ ਉਲੰਘਣਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਖੁਦ ਦੀ ਨਿੱਜੀ ਸਿਕਿਓਰਟੀ ਵੀ ਘਟਾ ਦਿੱਤੀ ਗਈ ਹੈ। ਦੇਵ ਮਾਨ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲੀ ਚਿੰਨ੍ਹ ਖੜ੍ਹੇ ਕੀਤੇ ਹਨ।
ਬਿਨਾਂ ਨੰਬਰੀ ਪੁਲੀਸ ਦੀ ਰੈਪਿਡ ਗੱਡੀ ਚਰਚਾ ’ਚ
ਸਥਾਨਕ ਸ਼ਹਿਰ ਵਿੱਚ ਥਾਣਾ ਭਾਦਸੋਂ ਪੁਲੀਸ ਦੀ ਬਿਨਾਂ ਨੰਬਰੀ ਰੈਪਿਡ ਗੱਡੀ ਜੋ ਕਿ ਵਿਧਾਇਕ ਨੂੰ ਹਲਕੇ ਅੰਦਰ ਲੈ ਕੇ ਤੇ ਛੱਡਣ ਜਾਂਦੀ ਹੈ, ਅੱਜ ਕੱਲ੍ਹ ਚਰਚਾ ਵਿੱਚ ਹੈ। ਲੋਕਾਂ ਵਿੱਚ ਇਹ ਚਰਚਾ ਹੈ ਕਿ ਭਾਦਸੋਂ ਬੱਸ ਸਟੈਂਡ ’ਤੇ ਪੁਲੀਸ ਵੱਲੋਂ ਬਿਨਾਂ ਨੰਬਰੀ ਵਾਹਨਾਂ ਦੇ ਚਲਾਨ ਕੀਤੇ ਜਾਂਦੇ ਹਨ ਪਰ ਪੁਲੀਸ ਦੀ ਆਪਣੀ ਹੀ ਬਿਨਾਂ ਨੰਬਰੀ ਰੈਪਿਡ ਗੱਡੀ ਸੜਕ ’ਤੇ ਚੱਲ ਰਹੀ ਹੈ।
ਸੁਰੱਖਿਆ ਦੇਣੀ ਸਾਡੀ ਜ਼ਿੰਮੇਵਾਰੀ: ਥਾਣਾ ਮੁਖੀ ਭਾਦਸੋਂ
ਇਸ ਮਾਮਲੇ ਬਾਰੇ ਥਾਣਾ ਮੁਖੀ ਭਾਦਸੋਂ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸੁਰੱਖਿਆ ਦੇਣੀ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਬਿਨਾਂ ਨੰਬਰ ਪਲੇਟ ਦੀ ਗੱਡੀ ਬਾਰੇ ਥਾਣਾ ਮੁਖੀ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਜਾਂਚ ਕਰਕੇ ਹੀ ਕੁਝ ਕਹਿ ਸਕਦੇ ਹਨ।