ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਜਨਵਰੀ
ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਨੂੰ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਚੋਣ ਲੜਾਉਣ ਲਈ ਕੋਈ ਢੁਕਵਾਂ ਉਮੀਦਵਾਰ ਨਹੀਂ ਮਿਲ ਰਿਹਾ ਹੈ ਜਦਕਿ 2017 ਦੀਆਂ ਚੋਣਾਂ ਵਿਚ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੂਜੇ ਨੰਬਰ ’ਤੇ ਰਹਿ ਕੇ 20,179 ਵੋਟਾਂ ਲੈ ਗਏ ਸਨ। ਲਿਹਾਜ਼ਾ ‘ਆਪ’ ਪਟਿਆਲਾ ਵਿੱਚ ਜੇਕਰ ਕੋਈ ਢੁਕਵਾਂ ਚਿਹਰਾ ਲੈ ਕੇ ਆਵੇ ਤਾਂ ਕੈਪਟਨ ਅਮਰਿੰਦਰ, ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੀ ਟੱਕਰ ਦੇ ਸਕਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਵਿਚ ਪੰਜਾਬ ਲੋਕ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਉਮੀਦਵਾਰ ਬਣਨਾ ਤੈਅ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਫਿਰ ਸ਼ਹਿਰੀ ਸਿੱਖ ਉਮੀਦਵਾਰ ਦੀ ਥਾਂ ਹਿੰਦੂ ਉਮੀਦਵਾਰ ਹਰਪਾਲ ਸਿੰਘ ਜੁਨੇਜਾ ’ਤੇ ਹੀ ਦਾਅ ਖੇਡਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਸ਼ਹਿਰ ਵਿੱਚ ਹਿੰਦੂ ਵੋਟਰਾਂ ਨੂੰ ਭਰਮਾਉਣ ਲਈ ਹਰਪਾਲ ਜੁਨੇਜਾ ਹੀ ਸਹੀ ਉਮੀਦਵਾਰ ਹੈ, ਜਦਕਿ ਪਟਿਆਲਾ ਸ਼ਹਿਰ ਵਿੱਚ ਵੱਡੀ ਗਿਣਤੀ ਸ਼ਹਿਰੀ ਸਿੱਖਾਂ ਦੀਆਂ ਵੋਟਾਂ ਨੂੰ ਵੀ ਘੱਟ ਅਹਿਮੀਅਤ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਸ਼ਹਿਰੀ ਸਿੱਖਾਂ ਦੇ ਸਹਾਰੇ ਇੱਥੋਂ ਸੁਰਜੀਤ ਸਿੰਘ ਕੋਹਲੀ ਜਿੱਤ ਚੁੱਕੇ ਹਨ। ਉਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸਰਦਾਰਾ ਸਿੰਘ ਕੋਹਲੀ ਵੀ ਚੰਗਾ ਨਾਮ ਬਣਾ ਚੁੱਕੇ ਹਨ। ਇਸ ਵਾਰ ਆਮ ਆਦਮੀ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਲਈ ਕਈ ਆਗੂ ਦੌੜ ਵਿੱਚ ਹਨ, ਜਿਵੇਂ ਕਿ ਪ੍ਰਮੁੱਖ ਤੌਰ ’ਤੇ ਸ਼ਹਿਰ ਵਿਚ ਚੰਗਾ ਨਾਮ ਕਮਾਉਣ ਵਾਲੇ ਕੁੰਦਨ ਗੋਗੀਆ ਮੂਹਰਲੀ ਕਤਾਰ ਵਿਚ ਨਜ਼ਰ ਆ ਰਹੇ ਹਨ। ਉਂਜ ਇੱਥੋਂ ਪ੍ਰੋ. ਸੁਮੇਰ ਸਿੰਘ ਵੀ ਆਪਣੀ ਦਾਅਵੇਦਾਰੀ ਠੋਕ ਰਹੇ ਹਨ, ਜਦਕਿ ਪਟਿਆਲਾ ਦਿਹਾਤੀ ਤੋਂ ਵਾਂਝੇ ਰਹੇ ਮੇਜਰ (ਰਿਟਾ.) ਆਰਪੀਐੱਸ ਮਲਹੋਤਰਾ ਨੂੰ ਵੀ ਪਟਿਆਲਾ ਦਿਹਾਤੀ ਤੋਂ ਡਾ. ਬਲਬੀਰ ਸਿੰਘ ਨੇ ਟਿਕਟ ਦਿਵਾਉਣ ਦਾ ਭਰੋਸਾ ਦਿੱਤਾ ਹੋਇਆ ਹੈ। ਅੱਜਕੱਲ੍ਹ ਸ਼ਹਿਰ ਵਿਚ ਮੇਜਰ ਮਲਹੋਤਰਾ ਦੇ ਪੋਸਟਰ ਲੱਗੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਵਰਧਮਾਨ ਹਸਪਤਾਲ ਦੇ ਮਾਲਕ ਸੌਰਭ ਜੈਨ ਵੀ ਹੁਣੇ ਜਿਹੇ ‘ਆਪ’ ਵਿਚ ਸ਼ਾਮਲ ਹੋਏ ਹਨ ਅਤੇ ਉਹ ਵੀ ਪਟਿਆਲਾ ਸ਼ਹਿਰੀ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।
ਜਰਨੈਲ ਸਿੰਘ ਮੰਨੂੰ ਨੇ ਵੀ ਖ਼ੁਦ ਨੂੰ ਪਟਿਆਲਾ ਸ਼ਹਿਰੀ ਦੇ ਕਾਬਿਲ ਸਮਝਿਆ ਹੈ। ਪਾਰਟੀ ਨੇ ਬੇਸ਼ੱਕ ਪੰਜਾਬ ਵਿੱਚੋਂ ਵੱਡੀ ਗਿਣਤੀ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ ਪਰ ਅਜੇ ਤੱਕ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਨਹੀਂ ਐਲਾਨਿਆ ਹੈ। ਹਾਲਾਂਕਿ, ਹਾਲੇ ਤੱਕ ਕਾਂਗਰਸ ਵੱਲੋਂ ਵੀ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ। ਕਿਆਸ ਲੱਗੇ ਰਹੇ ਹਨ ਕਿ ਇੱਥੋਂ ਬ੍ਰਹਮ ਮਹਿੰਦਰਾ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਕਿਉਂਕਿ ਪਹਿਲਾਂ ਪਟਿਆਲਾ ਸ਼ਹਿਰੀ ਤੋਂ ਬ੍ਰਹਮ ਮਹਿੰਦਰਾ ਵੀ ਜਿੱਤਦੇ ਰਹੇ ਹਨ।