ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 5 ਅਕਤੂਬਰ
ਲਖੀਮਪੁਰ ਵਿੱਚ ਪ੍ਰਦਰਸ਼ਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਹੱਕ ਵਿੱਚ ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਅੱਜ ਇੱਥੋਂ ਦੇ ਟਾਹਲੀ ਵਾਲਾ ਚੌਕ ਵਿਚ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਵੱਲੋਂ ਹਲਕਾ ਇੰਚਾਰਜ ਨੀਨਾ ਮਿੱਤਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।
ਘਨੌਰ (ਪੱਤਰ ਪ੍ਰੇਰਕ): ਯੂਪੀ ਘਟਨਾ ਖ਼ਿਲਾਫ਼ ਇੱਥੇ ‘ਆਪ’ ਦੇ ਹਲਕਾ ਇੰਚਾਰਜ ਗੁਰਲਾਲ ਘਨੌਰ ਦੀ ਅਗਵਾਈ ਵਿਚ ਪਾਰਟੀ ਕਾਰਕੁਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕੇਂਦਰ ਅਤੇ ਯੋਗੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ‘ਆਪ’ ਆਗੂਆਂ ਦੇ ਕਾਰਕੁਨਾਂ ਨੇ ਮੰਗ ਕੀਤੀ ਕੀ ਕਿਸਾਨਾਂ ਨੂੰ ਇਨਸਾਫ਼ ਦੇਣ ਲਈ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭਗਵੰਤ ਸਿੰਘ ਸੇਹਰਾ, ਜਨਕ ਰਾਜ ਭੱਦਕ, ਗੁਰਮੁਖ ਸਿੰਘ ਪੰਡਤਾਂ, ਗੁਲਜਾਰ ਸਿੰਘ ਘਨੌਰ ਅਤੇ ਸਰਮਜੀਤ ਸਿੰਘ ਮੜੌਲੀ ਆਦਿ ਹਾਜ਼ਰ ਸਨ।
ਧੂਰੀ (ਖੇਤਰੀ ਪ੍ਰਤੀਨਿਧ): ਉੱਤਰ ਪ੍ਰਦੇਸ਼ ਵਿੱਚ ਵਾਪਰੀ ਘਟਨਾ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਿੱਚ ਹੋ ਰਹੀ ਦੇਰੀ ਦੇ ਰੋਸ ਵਜੋਂ ‘ਆਪ’ ਦੇ ਸੀਨੀਅਰ ਆਗੂਆਂ ਵੱਲੋਂ ਧੂਰੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੇ ਪੁਤਲੇ ਫੂਕੇ ਗਏ।
ਇਸ ਮੌਕੇ ਰਾਜਵੰਤ ਸਿੰਘ ਘੁੱਲੀ, ਜੱਸੀ ਸੇਖੋਂ, ਅਨਵਰ ਭਸੌੜ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਪਿੰਡ ਲਖੀਮਪੁਰ ਖੀਰੀ ’ਚ ਅੱਧੀ ਦਰਜਨ ਤੋਂ ਵੱਧ ਕਿਸਾਨਾਂ ਨੂੰ ਗੱਡੀ ਹੇਠ ਦੇ ਕੇ ਮੌਤ ਦੇ ਘਾਟ ਉਤਾਰ ਦੇਣਾ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਇਸ ਮੰਦਭਾਗੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਖ ਹਾਲੇ ਵੀ ਨਹੀਂ ਖੁੱਲ੍ਹੀ।