ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਅਗਸਤ
ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਕਰੋਨਾਵਾਇਰਸ ਵਾਰਡ ਦੇ ਮਾੜੇ ਪ੍ਰਬੰਧਾਂ ਅਤੇ ਹਰ ਰੋਜ਼ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੇ ਰਾਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਪ੍ਰਿੰਸੀਪਲ ਜੇ.ਪੀ. ਸਿੰਘ ਅਤੇ ਜਰਨੈਲ ਸਿੰਘ ਮੰਨੂ ਨੇ ਇੱਕ ਸਾਂਝੇ ਪ੍ਰੈੱਸ ਬਿਆਨ ’ਚ ਰਾਜਿੰਦਰਾ ਹਸਪਤਾਲ ਦੇ ਮਾੜੇ ਪ੍ਰਬੰਧਾਂ ਲਈ ਸਿੱਧੇ ਤੌਰ ’ਤੇ ਕੈਪਟਨ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਦਾ ਕਰੋਨਾ ਵਾਰਡ ਮੌਤ ਦਾ ਘਰ ਬਣਿਆ ਹੋਇਆ ਹੈ। ਆਗੂਆਂ ਨੇ ਪਾਰਟੀ ਆਗੂ ਗੱਜਣ ਸਿੰਘ ਦੀ ਪਤਨੀ ਦੀ ਮੌਤ ਲਈ ਹਸਪਤਾਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਸੁਧਾਰ ਨਾ ਕੀਤਾ ਤਾਂ ਹਾਲਤ ਸੁਧਾਰਨ ਲਈ ਪਾਰਟੀ ਵੱਲੋਂ ਲਗਾਤਾਰ ਧਰਨੇ ਦਿੱਤੇ ਜਾਣਗੇ।
ਅਧਿਕਾਰੀਆਂ ਨੇ ਦੋਸ਼ ਨਕਾਰੇ
ਰਾਜਿੰਦਰਾ ਹਸਪਤਾਲ ਵਿੱਚ ਕਰੋਨਾ ਵਾਰਡ ਦੀ ਪ੍ਰਬੰਧਕ ਸੁਰਭੀ ਮਲਿਕ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਵਿਚ ਜੋ ਵੀ ਕਰੋਨਾ ਵਾਰਡ ਹੈ ਉੱਥੇ ਮਰੀਜ਼ਾਂ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰ ਪੂਰੀ ਮਿਹਨਤ ਨਾਲ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਜੋ ਵੀ ਬਾਹਰ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਹ ਗ਼ਲਤ ਹਨ ਤੇ ਉਨ੍ਹਾਂ ਨਾਲ ਇੱਥੇ ਗ਼ਰੀਬ ਇਲਾਜ ਕਰਾਉਣ ਤੋਂ ਡਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਉਹ ਮਰੀਜ਼ਾਂ ਦੀ ਵੀਡੀਓਗਰਾਫ਼ੀ ਕਰਦੇ ਹਨ ਜੋ ਮਰੀਜ਼ਾਂ ਦੇ ਵਾਰਿਸਾਂ ਨੂੰ ਦਿਖਾਈ ਜਾਂਦੀ ਹੈ। ਉਨ੍ਹਾਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ।