ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 23 ਜਨਵਰੀ
ਆਮ ਆਦਮੀ ਪਾਰਟੀ ਦੀ ਸਥਾਨਕ ਇਕਾਈ ਵੱਲੋਂ ਸੂਬਾ ਇੰਚਾਰਜ ਤੇ ਪਾਰਟੀ ਦੀ ਸੀਨੀਅਰ ਆਗੂ ਨੀਨਾ ਮਿੱਤਲ ਦੀ ਅਗਵਾਈ ਹੇਠ ਮੋਟਰਸਾਈਕਲ ਰੈਲੀ ਕੱਢੀ ਗਈ। ਜਿਸ ਦੌਰਾਨ ਰੈਲੀ ’ਚ ਸ਼ਾਮਲ ਨੌਜਵਾਨਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਕ ਮੋਟਰਸਾਈਕਲ ’ਤੇ ਜ਼ਿਆਦਾਤਰ ਤਿੰਨ ਨੌਜਵਾਨ ਬਿਨਾਂ ਹੈਲਮਟ ਸਵਾਰ ਸਨ। ਨੌਜਵਾਨਾਂ ਵੱਲੋਂ ਵਜਾਏ ਜਾ ਰਹੇ ਬੇਲੋੜੇ ਹਾਰਨਾਂ ਤੇ ਬੁਲੇਟ ਦੇ ਪਟਾਕਿਆਂ ਨੇ ਸ਼ਹਿਰ ਵਾਸੀਆਂ ਦੇ ਨੱਕ ’ਚ ਦਮ ਕਰ ਦਿੱਤਾ। ਰੈਲੀ ਰਾਜਪੁਰਾ ਟਾਊਨ ਵਿੱਚ ਬਣੇ ਮਿੱਤਲ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ’ਚੋਂ ਹੁੰਦੀ ਹੋਈ ਪੁਰਾਣਾ ਰਾਜਪੁਰਾ ਖੇੜਾ ਬਾਬਾ ਕੋਲ ਸਮਾਪਤ ਹੋਈ। ਰੈਲੀ ਟਾਹਲੀ ਵਾਲਲਾ ਚੌਕ ਕੋਲ ਬਣੇ ਟਰੈਫ਼ਿਕ ਪੁਲੀਸ ਦੇ ਮੁੱਖ ਦਫ਼ਤਰ ਦੇ ਬਿਲਕੁਲ ਨਜ਼ਦੀਕ ਤੋਂ ਗੁਜਰੀ ਪਰ ਕਿਸੇ ਵੀ ਟਰੈਫ਼ਿਕ ਮੁਲਾਜ਼ਮ ਨੇ ਨੌਜਵਾਨਾਂ ਨੂੰ ਰੋਕਣ ਦਾ ਹੀਆ ਨਹੀਂ ਕੀਤਾ। ਖ਼ੁਦ ਨੀਨਾ ਮਿੱਤਲ ਨੇ ਮਾਸਕ ਨਹੀਂ ਲਾਇਆ ਹੋਇਆ ਸੀ।
ਆਪ ਵੱਲੋਂ ਕੱਢੀ ਗਈ ਇਸ ਰੈਲੀ ’ਚ ਵਰਕਰਾਂ ਤੇ ਆਗੂਆਂ ਦੀ ਫੁੱਟ ਇਕ ਵਾਰ ਫੇਰ ਉੱਭਰ ਕੇ ਸਾਹਮਣੇ ਆਈ। ਪਾਰਟੀ ਦੀ ਇਕਾਈ ਦੇ ਸੀਨੀਅਰ ਆਗੂ ਦੀਪਕ ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ ਰੈਲੀ ਸਬੰਧੀ ਕੋਈ ਸੁਨੇਹਾ ਨਹੀਂ ਮਿਲਿਆ ਤੇ ਨਾ ਹੀ ਰੈਲੀ ਬਾਰੇ ਕੋਈ ਜਾਣਕਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ’ਚ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਧਮੋਲੀ, ਮੁਨੀਸ਼ ਸੂਦ, ਪਿਛਲੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਆਸ਼ੂਤੋਸ਼ ਜੋਸ਼ੀ, ਧਰਮਿੰਦਰ ਸਿੰਘ, ਬੰਤ ਸਿੰਘ, ਮੁਨੀਸ਼ ਬੱਤਰਾ, ਜਸਵੀਰ ਚੰਦੂਆਂ ਆਦਿ ਨੇ ਕਿਨਾਰਾ ਕਰੀ ਰੱਖਿਆ। ਉਨ੍ਹਾਂ ਕਿਹਾ ਕਿ ਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਨਾ ਪਾਰਟੀ ਨੂੰ ਆ ਰਹੀਆਂ ਵਿਧਾਨ ਸਭਾ ਚੋਣਾਂ ’ਚ ਮਹਿੰਗਾ ਪੈ ਸਕਦਾ ਹੈ।
ਉੱਧਰ ਰੈਲੀ ਸਬੰਧੀ ਨੀਨਾ ਮਿੱਤਲ ਨੇ ਕਿਹਾ ਕਿ ਇਹ ਰੈਲੀ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ’ਚ ਕੀਤੀ ਜਾ ਰਹੀ ਟਰੈਕਟਰ ਰੈਲੀ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦੇ ਵਿੱਤ ਸਕੱਤਰ ਮਾਨ ਸਿੰਘ ਨੇ ਨੀਨਾ ਮਿੱਤਲ ਵੱਲੋਂ ਕਿਸਾਨਾਂ ਦੇ ਹੱਕ ’ਚ ਕੀਤੀ ਰੈਲੀ ਨੂੰ ਸਿਆਸੀ ਸਟੰਟ ਦੱਸਿਆ।