ਖੇਤਰੀ ਪ੍ਰਤੀਨਿਧ
ਪਟਿਆਲਾ, 6 ਅਕਤੂਬਰ
ਇਥੋਂ ਦੀ ਅਫਸਰ ਕਲੋਨੀ ਦੀ ਵਸਨੀਕ ਹਰਪ੍ਰੀਤ ਕੌਰ ਨਾਮ ਦੀ ਇੱਕ ਮਹਿਲਾ ਨੂੰ ਪਿੱਟਬੁੱਲ ਨਸਲ ਦੇ ਕੁੱਤੇ ਨੇ ਵੱਢ ਲਿਆ। ਇਸ ਦੌਰਾਨ ਉਸ ਦੇ ਹੱਥ ਸਮੇਤ ਕੁਝ ਕੁ ਹੋਰ ਥਾਈਂ ਵੀ ਕੁੱਤੇ ਦੇ ਵੱਢਣ ਨਾਲ ਜ਼ਖਮ ਹਨ।
ਘਟਨਾ ਦਾ ਸ਼ਿਕਾਰ ਹੋਈ ਮਹਿਲਾ ਹਰਪ੍ਰੀਤ ਕੌਰ ਪਤਨੀ ਤਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਜਦੋਂ ਆਪਣ/ ਘਰ ਦੇ ਬਾਹਰ ਖੜ੍ਹੀ ਸੀ, ਤਾਂ ਆਪਣੇ ਮਾਲਕ ਨਾਲ਼ ਉਸ ਦੇ ਘਰ ਦੇ ਸਾਹਮਣਿਓਂ ਲੰਘ ਰਹੇ ਪਿਟਬੁੱਲ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਸਰੀਰ ’ਤੇ ਕਈ ਥਾਈਂ ਵੱਢ ਲਿਆ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਇਸ ਕੁੱਤੇ ਨੂੰ ਉਸ ਖੇਤਰ ’ਚ ਘੁਮਾ ਰਹੇ ਵਿਅਕਤੀ ਨੇ ਕੁੱਤੇ ਨੂੰ ਸੰਗਲ਼ੀ ਆਦਿ ਨਹੀਂ ਸੀ ਪਾਈ ਹੋਈ। ਕੁੱਤੇ ਵੱਲੋਂ ਵੱਢਣ ਕਾਰਨ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਧਰ ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਜਸਪ੍ਰੀਤ ਸਿੰਘ ਕਾਹਲੋਂ ਦਾ ਕਹਿਣਾ ਸੀ ਕਿ ਇਸ ਸਬੰਧੀ ਹਰਪ੍ਰੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਤਰਸੇਮ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਨਿਊ ਅਫਸਰ ਕਲੋਨੀ ਪਟਿਆਲਾ ਦੇ ਖਿਲਾਫ਼ ਧਾਰਾ 289 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿ਼ਕਰਯੋਗ ਹੈ ਕਿ ਪਿੱਟਬੁਲ ਸਮੇਤ ਹੋਰ ਕੁੱਤਿਆਂ ਵੱਲੋਂ ਲੋਕਾਂ, ਇਥੋਂ ਤੱਕ ਕਿ ਆਪਣੇ ਹੀ ਮਾਲਕਾਂ ਨੂੰ ਕੱਟਣ/ਵੱਢਣ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਮਾਜ ਸੇਵੀ ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਲੋਕਾਂ ਨੂੰ ਆਪੋ ਆਪਣੇ ਕੁੱਤਿਆਂ ਨੂੰ ਬੰਨ੍ਹ ਕੇ ਅਤੇ ਸੰਭਾਲ਼ ਕੇ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।