ਗੁਰਨਾਮ ਸਿੰਘ ਅਕੀਦਾ
ਪਟਿਆਲਾ, 15 ਜੁਲਾਈ
ਇੱਥੇ ਲੰਘੀ ਰਾਤ ਆਈ ਭਾਰੀ ਬਾਰਸ਼ ਕਾਰਨ ਇੱਥੋਂ ਦੇ ਤਫੱਜ਼ਲਪੁਰਾ ਇਲਾਕੇ ਵਿੱਚ ਵਿਧਵਾ ਔਰਤ ਦਾ ਮਕਾਨ ਡਿੱਗ ਗਿਆ ਜਿਸ ਦਾ ਪਤਾ ਲੈਣ ਲਈ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਪੰਜਾਬ ਦੇ ਪ੍ਰਧਾਨ ਅਮਰੀਕ ਸਿੰਘ ਬੰਗੜ ਪੁੱਜੇ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਇਸ ਔਰਤ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਵੀ ਕੀਤਾ।
ਜਾਣਕਾਰੀ ਅਨੁਸਾਰ ਰਾਤ ਜਦੋਂ ਭਾਰੀ ਬਾਰਸ਼ ਅਤੇ ਝੱਖੜ ਆਇਆ ਤਾਂ ਉਸ ਵੇਲੇ ਤਫੱਜਲਪੁਰਾ ਦੇ ਗਲੀ ਨੰਬਰ 10/5 ਵਿੱਚ ਵਿਧਵਾ ਔਰਤ ਸੁਨੀਤਾ ਦੇਵੀ ਦਾ ਅੱਧਾ ਮਕਾਨ ਢਹਿ-ਢੇਰੀ ਹੋ ਗਿਆ। ਬਾਲਿਆਂ ਦੀ ਛੱਤ ਵਾਲੇ ਇਸ ਮਕਾਨ ’ਚ ਬੈਠੇ ਇਸ ਪਰਿਵਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਜੋ ਕਮਰਾ ਡਿੱਗਿਆ ਹੈ ਉਸ ਅੰਦਰ ਪਿਆ ਕਾਫ਼ੀ ਸਾਮਾਨ ਖ਼ਰਾਬ ਹੋ ਗਿਆ ਹੈ। ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਕਾਨ ਡਿੱਗਣ ਦਾ ਬੜਾ ਦੁੱਖ ਹੈ। ਇਸ ਔਰਤ ਨੂੰ ਸੰਭਵ ਮਦਦ ਦੇਣ ਲਈ ਉਨ੍ਹਾਂ ਦੀ ਨਿੱਜੀ ਸੰਸਥਾ ਵੱਲੋਂ ਫ਼ੰਡ ਦਿੱਤੇ ਜਾਣਗੇ ਅਤੇ ਪੰਜਾਬ ਸਰਕਾਰ ਵੱਲੋਂ ਵੀ ਇਸ ਔਰਤ ਨੂੰ ਫੰਡ ਮੁਹੱਈਆ ਕਰਵਾਏ ਜਾਣਗੇ, ਇਸੇ ਦੌਰਾਨ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਬੰਗੜ ਨੇ ਕਿਹਾ ਕਿ ਇਸ ਗ਼ਰੀਬ ਔਰਤ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਿਵਾਉਣ ਲਈ ਪੱਤਰ ਭੇਜਿਆ ਜਾ ਰਿਹਾ ਹੈ। ਇਸ ਮੌਕੇ ਜਸਬੀਰ ਗਾਂਧੀ, ਅਮਰਜੀਤ ਸਿੰਘ ਭਾਟੀਆ ਬਲਾਕ ਪ੍ਰਧਾਨ, ਰਾਜ ਕੁਮਾਰ ਮਿਠਾਰੀਆ ਵਾਰਡ ਇੰਚਾਰਜ, ਕਰਮਜੀਤ ਬਾਸੀ, ਨਿਸ਼ਾਂਤ, ਸੰਨੀ ਕੁਮਾਰ, ਹਨੀ ਕੁਮਾਰ, ਰੀਮਾ ਮਿਠਾਰੀਆ, ਸੰਤੋਸ਼ ਰਾਣੀ ਤੇ ਬਬਲੀ ਦੇਵੀ ਤੋਂ ਇਲਾਵਾ ਮੁਹੱਲਾ ਨਿਵਾਸੀ ਮੌਜੂਦ ਸਨ।