ਮੁਖ਼ਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 5 ਨਵੰਬਰ
ਜਿ਼ਮੀਂਦਾਰਾ ਟਰੱਕ ਅਪਰੇਟਰ ਯੂਨੀਅਨ ਦੀ ਪ੍ਰਬੰਧਕ ਕਮੇਟੀ ਅਤੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਵਿਚਾਲੇ ਅੱਜ ਸਵੇਰੇ ਕਿਸੇ ਕਾਰਨ ਟਕਰਾਅ ਹੋਣ ਤੋਂ ਬਾਅਦ ਟਰੱਕ ਯੂਨੀਅਨ ਦੇ ਸਾਰੇ ਅਪ੍ਰੇਟਰਾਂ ਨੇ ਝੋਨੇ ਦੀ ਢੋਆ-ਢੁਆਈ ਦਾ ਕੰਮ ਬੰਦ ਕਰ ਦਿੱਤਾ ਹੈ, ਜਿਸ ਕਾਰਨ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਦੇ ਕੰਮ ’ਤੇ ਮਾੜਾ ਅਸਰ ਪਿਆ।
ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰੰਦਿਆਂ ਟਰੱਕ ਅਪ੍ਰੇਟਰ ਯੂਨੀਅਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਧਿਆਨ ਸਿੰਘ ਅਤੇ ਸਾਹਿਬ ਸਿੰਘ ਰੋਸਾ ਨੇ ਦੱਸਿਆ ਕਿ ਅੱਜ ਸਵੇਰੇ ਟਰੱਕ ਅਪ੍ਰੇਟਰਾਂ ਅਤੇ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਕਿ ਪ੍ਰਧਾਨ ਲੇਬਰ ਦੇ ਖਾਸ ਬੰਦਿਆਂ ਨੂੰ ਮੰਡੀਆਂ ਦੇ ਨੇੜੇ ਕੰਮ ’ਤੇ ਲਗਾ ਦਿੰਦਾ ਹੈ ਅਤੇ ਨਾਲ ਹੀ ਯੂਨੀਅਨ ਤੋਂ ਬਾਹਰ ਦੀਆਂ ਗੱਡੀਆਂ ਨੂੰ ਆਪ ਹੀ ਕੋਈ ਪਰਚੀ ਦੇ ਕੇ ਮੰਡੀ ਵਿੱਚੋਂ ਟਰੱਕ ਭਰਵਾ ਦਿੰਦਾ ਹੈ ਅਤੇ ਯੂਨੀਅਨ ਵਿੱਚੋਂ ਦੂਰ ਵਾਲੀਆਂ ਮੰਡੀਆਂ ਲਈ ਟਰੱਕ ਕਟਵਾ ਲੈਂਦੇ ਹਨ, ਜਿਸ ਸਦਕਾ ਆਮ ਅਪ੍ਰੇਟਰਾਂ ਦਾ ਨੁਕਸਾਨ ਹੁੰਦਾ ਹੈ। ਟਰੱਕ ਅਪਰੇਟਰਾਂ ਨੇ ਲੇਬਰ ਪ੍ਰਧਾਨ ਤੋਂ ਮੰਗ ਕੀਤੀ ਕਿ ਯੂਨੀਅਨ ਵਿਚੋਂ ਸਾਰੀਆਂ ਮੰਡੀਆਂ ਲਈ ਬਰਾਬਰ ਟਰੱਕ ਲਏ ਜਾਣ ਅਤੇ ਵਿਤਕਰਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਯੂਨੀਅਨ ਦੇ ਪ੍ਰਧਾਨ ਮਸਲਾ ਹੱਲ ਨਹੀਂ ਕਰਵਾਉਂਂਦੇ, ਓਨਾ ਚਿਰ ਟਰੱਕ ਮੰਡੀ ਵਿਚ ਨਹੀਂ ਭੇਜੇ ਜਾਣਗੇ ਅਤੇ ਨਾ ਹੀ ਬਾਹਰ ਦੀ ਗੱਡੀ ਮੰਡੀ ਵਿਚ ਵੜਨ ਦਿੱਤੀ ਜਾਵੇਗੀ। ਇਸ ਮੌਕੇ ਕਸ਼ਮੀਰ ਸਿੰਘ, ਸਾਧਾ ਸਿੰਘ ਨੰਬਰਦਾਰ ਮਸੀਂਗਣ, ਜੋਗਿੰਦਰ ਸਿੰਘ ਵਿਰਕ, ਰਾਜਿੰਦਰ ਸਿੰਘ ਧੰਜੂ, ਹਰਦੀਪ ਸ਼ਰਮਾ ਕਲਰਕ, ਗਗਨਦੀਪ ਸਿੰਘ, ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ ਅਤੇ ਜਸਪਾਲ ਸਿੰਘ ਆਦਿ ਵੀ ਮੌਜੂਦ ਸਨ।
ਉੱਧਰ, ਇਸ ਸਬੰਧੀ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਭੰਬੂਆਂ ਨੇ ਕਿਹਾ ਕਿ ਟਰੱਕ ਆਪਰੇਟਰਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਸਭ ਨੂੰ ਯੂਨੀਅਨ ਵਿਚੋਂ ਨੰਬਰ ਕਟਵਾ ਕੇ ਫਿਰ ਮੰਡੀਆਂ ਵਿੱਚ ਭੇਜਿਆ ਜਾਂਦਾ ਹੈ ਅਤੇ ਬਾਹਰੋਂ ਕੋਈ ਟਰੱਕ ਆਪਣੇ ਆਪ ਨਹੀਂ ਲਿਆ ਜਾਂਦਾ। ਇਸ ਤੋਂ ਇਲਾਵਾ ਸਾਰੇ ਟਰੱਕਾਂ ਨੂੰ ਵਾਰੋ-ਵਾਰੀ ਵੱਖ-ਵੱਖ ਸ਼ੈਲਰਾਂ ਵਿੱਚ ਭੇਜਿਆ ਜਾਂਦਾ ਹੈ। ਕੰਮ ਬੰਦ ਹੋਣ ਨਾਲ ਸਗੋਂ ਉਨ੍ਹਾਂ ਦੀ ਲੇਬਰ ਵਿਹਲੀ ਬੈਠ ਗਈ ਹੈ।