ਪੱਤਰ ਪ੍ਰੇਰਕ
ਘਨੌਰ, 6 ਅਕਤੂਬਰ
ਪੰਜਾਬ ਵਿੱਚ ਹੋਰਨਾਂ ਰਾਜਾਂ ਤੋਂ ਝੋਨੇ ਦੀ ਗੈਰਕਾਨੁੂੰਨੀ ਆਮਦ ਰੋਕਣ ਲਈ ਥਾਣਾ ਘਨੌਰ ਦੀ ਪੁਲੀਸ ਅਤੇ ਮਾਰਕੀਟ ਕਮੇਟੀ ਵੱਲੋਂ ਆਰੰਭੀ ਗਈ ਮੁਹਿੰਮ ਤਹਿਤ ਪੁਲੀਸ ਨੇ ਹਰਿਆਣਾ ਵੱਲੋਂ ਆਏ ਝੋਨੇ ਦੇ ਲਦੇ ਟਰੱਕ ਨੂੰ ਕਾਬੂ ਕਰ ਲਿਆ ਹੈ। ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਗੈਰਕਾਨੂੰਨੀ ਆਮਦ ਰੋਕਣ ਲਈ ਥਾਣਾ ਘਨੌਰ ਦੇ ਸਹਾਇਕ ਥਾਣੇਦਾਰ ਸਵਰਨ ਸਿੰਘ ਅਤੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਵੱਲੋਂ ਘਨੌਰ-ਬਹਾਦਰਗੜ੍ਹ ਰੋਡ ’ਤੇ ਪਿੰਡ ਬਘੌਰਾ ਨੇੜੇ ਨਾਕਾਬੰਦੀ ਦੌਰਾਨ ਜਦੋਂ ਇੱਕ ਸ਼ੱਕੀ ਟਰੱਕ-ਟਰਾਲੇ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਇਸ ਟਰੱਕ ਵਿੱਚ 500 ਕੁਇੰਟਲ ਝੋਨੇ ਦੀਆਂ ਬੋਰੀਆਂ ਲੋਡ ਕੀਤੀਆਂ ਹੋਈਆਂ ਸਨ।
ਉਨ੍ਹਾਂ ਕਿਹਾ ਕਿ ਟਰੱਕ ਚਾਲਕ ਕੋਲ ਇਸ ਝੋਨੇ ਸਬੰਧੀ ਕੋਈ ਪੱਕਾ ਬਿੱਲ ਵੀ ਨਹੀਂ ਸੀ। ਇਹ ਝੋਨਾ ਹਰਿਆਣਾ ਵੱਲੋਂ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਸਹਾਇਕ ਖੁਰਾਕ ਕੇ ਸਪਲਾਈ ਅਫਸਰ ਘਨੌਰ ਵਰਿੰਦਰ ਕੌਰ ਦੀ ਸ਼ਕਾਇਤ ’ਤੇ ਟਰੱਕ ਚਾਲਕ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਜੋਧਪੁਰ ਪਾਖਰ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।