ਪੱਤਰ ਪ੍ਰੇਰਕ
ਘਨੌਰ, 7 ਅਕਤੂਬਰ
ਪੰਜਾਬ ਵਿੱਚ ਦੂਜੇ ਰਾਜਾਂ ਤੋਂ ਝੋਨੇ ਦੀ ਗੈਰਕਾਨੁੂੰਨੀ ਆਮਦ ਰੋਕਣ ਲਈ ਥਾਣਾ ਸ਼ੰਭੂ ਦੀ ਪੁਲੀਸ ਅਤੇ ਮਾਰਕੀਟ ਕਮੇਟੀ ਘਨੌਰ ਵੱਲੋਂ ਆਰੰਭੀ ਗਈ ਮੁਹਿੰਮ ਤਹਿਤ ਪੁਲੀਸ ਨੇ ਦਿੱਲੀ-ਅੰਮ੍ਰਿਤਸਰ ਜੀ.ਟੀ ਰੋਡ ’ਤੇ ਸ਼ੰਭੂ ਬੈਰੀਅਰ ਰਾਹੀਂ ਹਰਿਆਣਾ ਤੋਂ ਪੰਜਾਬ ਵਿੱਚ ਆਏ ਝੋਨੇ ਦੇ ਭਰੇ ਟਰੱਕ ਨੂੰ ਕਾਬੂ ਕਰਕੇ ਟਰੱਕ ਚਾਲਕ ਅਤੇ ਦੋ ਫਰਮਾਂ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਗੈਰਕਾਨੂੰਨੀ ਆਮਦ ਰੋਕਣ ਲਈ ਥਾਣਾ ਸ਼ੰਭੂ ਦੀ ਪੁਲੀਸ ਤੇ ਮਾਰਕੀਟ ਕਮੇਟੀ ਘਨੌਰ ਦੇ ਕਰਮਚਾਰੀਆਂ ਵੱਲੋਂ ਸ਼ੰਭੂ ਬੈਰੀਅਰ ’ਤੇ ਨਾਕਾਬੰਦੀ ਦੌਰਾਨ ਜਦੋਂ ਇੱਕ ਬੋਰੀਆਂ ਨਾਲ ਭਰੇ ਸ਼ੱਕੀ ਟਰੱਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਇਸ ਟਰੱਕ ਵਿੱਚ 250 ਕੁਇੰਟਲ (25 ਟਨ ਝੋਨਾ) ਦੀਆਂ ਬੋਰੀਆਂ ਬਰਾਮਦ ਹੋਈਆਂ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਮਾਰਕੀਟ ਘਨੌਰ ਦੇ ਸਕੱਤਰ ਜੈ ਵਿਜੇ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਹਰਮੀਤਪਾਲ ਵਾਸੀ ਪਿੰਡ ਵਾਏਪੁਰਾ ਤਿੰਗਰਾ ਰੋਡ ਗਵਾਲੀਅਰ, ਬਾਬਾ ਰਾਈਸ ਮਿੱਲ ਪਿੰਡ ਮਾਲੀ ਮੋਹਗਾਓ ਜ਼ਿਲ੍ਹਾ ਮਾਂਡਲਾ (ਮੱਧ ਪ੍ਰਦੇਸ਼) ਤੇ ਦਸਮੇਸ਼ ਐਗਰੋਫੂਡਜ਼ ਬਾਨੀਆ ਖੁਰਦ ਲੁਧਿਆਣਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ। ਉਨ੍ਹਾਂ ਦੱਸਿਆ ਕਿ ਇਹ ਝੋਨਾ ਹਰਮੀਤਪਾਲ ਦੇ ਟਰੱਕ ਵਿੱਚ ਮੱਧ ਪ੍ਰਦੇਸ਼ ਤੋਂ ਸਸਤੇ ਭਾਅ ਖਰੀਦ ਕੇ ਲਿਆਂਦਾ ਗਿਆ ਸੀ। ਜਿਹੜਾ ਮਹਿੰਗੇ ਭਾਅ ਵੇਚਣ ਲਈ ਦਸਮੇਸ਼ ਐਗਰੋਫੂਡਜ਼ ਬਾਨੀਆ ਖੁਰਦ ਫਰਮ ਲੁਧਿਆਣਾ ਕੋਲ ਜਾਣਾ ਸੀ।