ਬਹਾਦਰ ਿਸੰਘ ਮਰਦਾਂਪੁਰ
ਘਨੌਰ, 10 ਅਕਤੂਬਰ
ਪੰਜਾਬ ਵਿੱਚ ਹੋਰਨਾਂ ਰਾਜਾਂ ਤੋਂ ਝੋਨੇ ਅਤੇ ਚੌਲਾਂ ਦੀ ਗੈਰਕਾਨੁੂੰਨੀ ਆਮਦ ਰੋਕਣ ਲਈ ਥਾਣਾ ਸ਼ੰਭੂ ਦੀ ਪੁਲੀਸ ਅਤੇ ਮਾਰਕੀਟ ਕਮੇਟੀ ਘਨੌਰ ਵੱਲੋਂ ਆਰੰਭੀ ਗਈ ਮੁਹਿੰਮ ਤਹਿਤ ਪੁਲੀਸ ਨੇ ਦਿੱਲੀ-ਅੰਮ੍ਰਿਤਸਰ ਜੀ.ਟੀ ਰੋਡ ’ਤੇ ਸ਼ੰਭੂ ਬੈਰੀਅਰ ਰਾਹੀਂ ਹਰਿਆਣਾ ਤੋਂ ਪੰਜਾਬ ਵਿੱਚ ਆਏ ਪਰਮਲ ਚੌਲਾਂ ਦੇ ਭਰੇ ਟਰੱਕ ਨੂੰ ਕਾਬੂ ਕਰਕੇ ਟਰੱਕ ਚਾਲਕ ਅਤੇ ਦੋ ਫਰਮਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਅਤੇ ਚੌਲਾਂ ਦੀ ਗੈਰਕਾਨੂੰਨੀ ਆਮਦ ਰੋਕਣ ਲਈ ਥਾਣਾ ਸ਼ੰਭੂ ਦੀ ਪੁਲੀਸ ਅਤੇ ਮਾਰਕੀਟ ਕਮੇਟੀ ਘਨੌਰ ਦੇ ਕਰਮਚਾਰੀਆਂ ਵੱਲੋਂ ਸ਼ੰਭੂ ਬੈਰੀਅਰ ’ਤੇ ਨਾਕਾਬੰਦੀ ਦੌਰਾਨ ਜਦੋਂ ਇੱਕ ਬੋਰੀਆਂ ਨਾਲ ਭਰੇ ਸ਼ੱਕੀ ਟਰੱਕ ਨੂੰ ਰੋਕ ਕੇ ਉਸ ਦੀ ਤਲਾਸੀ ਲਈ ਗਈ ਤਾਂ ਇਸ ਟਰੱਕ ਵਿੱਚ 1200 ਬੋਰੀਆਂ ਵਿੱਚ ਭਰੇ 300 ਕੁਇੰਟਲ ਚੌਲ (30 ਟਨ ਚੌਲ) ਬਰਾਮਦ ਹੋਏ।
ਦੱਸਣਯੋਗ ਹੈ ਕਿ ਇਸ ਖੇਤਰ ਦੀ ਪੁਲੀਸ ਵੱਲੋਂ ਪਹਿਲੀ ਵਾਰ ਪੰਜਾਬ ਵਿੱਚ ਗੈਰਕਾਨੂੰਨੀ ਤੌਰ ’ਤੇ ਆਮਦ ਹੋ ਰਹੇ ਚੌਲ ਫੜੇ ਗਏ ਹਨ। ਜਦੋਂਕਿ ਇਸ ਤੋਂ ਪਹਿਲਾ ਝੋਨਾ ਫੜਿਆ ਜਾਂਦਾ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਹ ਚੌਲ ਪੰਜਾਬ ਦੀ ਰਾਇਸ ਮਿੱਲ ਵਿੱਚ ਅਨਲੋਡ ਕਰਕੇ ਬੋਗਸ ਬਿਲਿੰਗ ਕੀਤੀ ਜਾਣੀ ਸੀ। ਜਿਸ ਨਾਲ ਪੰਜਾਬ ਸਰਕਾਰ ਨੂੰ ਜਾਲਸਾਜ਼ੀ ਅਤੇ ਧੋਖਾਧੜੀ ਕਰਕੇ ਵਿੱਤੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੇ ਸਹਾਇਕ ਖੁਰਾਕ ਤੇ ਸਪਲਾਈ ਅਫਸਰ ਰਾਜਪੁਰਾ ਸਿਲਪਾ ਗੋਇਲ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਸ਼ੇਖ ਸਾਲਿਕ ਵਾਸੀ ਬਹਾਦੁਰਪੁਰ ਜ਼ਿਲ੍ਹਾ ਮੁਸਿਰਾਬਾਦ (ਪੱਛਮੀ ਬੰਗਾਲ), ਬੀ.ਐਲ.ਟਰੇਡਰਜ਼ ਬੁਰਧਵਾਲ, (ਪੱਛਮੀ ਬੰਗਾਲ) ਤੇ ਮੈਸ.ਆਰ.ਕੇ. ਇੰਡਸਟਰੀਜ਼ ਰੇਲਵੇ ਰੋਡ ਫਾਜ਼ਿਲਕਾ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਉਤਰ ਪ੍ਰਦੇਸ਼ ਦਾ ਚੌਲਾਂ ਵਾਲਾ ਟਰੱਕ ਫੜਿਆ
ਲਹਿਰਾਗਾਗਾ (ਪੱਤਰ ਪ੍ਰੇਰਕ) ਲਹਿਰਾਗਾਗਾ ਦੇ ਸਹਾਇਕ ਖੁਰਾਕ ਤੇ ਸਪਲਾਈ ਅਫਸਰ ਹਰਪ੍ਰੀਤ ਸਿੰਘ ਮੋਤੀ ਦੀ ਅਗਵਾਈ ’ਚ ਮਾਰਕਿਟ ਅਧਿਕਾਰੀ ਅਤੇ ਪੁਲੀਸ ਨੇ ਬਾਹਰਲੇ ਸੂਬਿਆਂ ’ਤੇ ਝੋਨਾ/ ਚੌਲਾਂ ਨੂੰ ਰੋਕਣ ਲਈ ਕੀਤੀ ਨਾਕੇ ’ਤੇ ਇੱਕ ਟਰੱਕ ਐਚਆਰ-69ਸੀ 5323 ਦੀ ਜਾਂਚ ਕਰਕੇ 349.40 ਕੁਇੰਟਲ ਪਰਮਲ ਚੌਲ ਬਰਾਮਦ ਕੀਤੇ ਗਏ। ਪੁਲੀਸ ਨੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਉਤਰ ਪ੍ਰਦੇਸ਼ ਦੀ ਮੈਸ. ਜੇ.ਪੀ ਡੀਵਲ ਰਾਇਸ ਮਿਲਜ਼ ਪਿੰਡ ਦਲੇਲਪੁਰ, ਜਾਖਲ ਦੇ ਸ਼ਿਵ ਸ਼ੰਕਰ ਐਂਟਰਪ੍ਰਾਈਜ਼ ਅਤੇ ਡਰਾਈਵਰ ਸੁਨੀਲ ਕੁਮਾਰ ਪੁੱਤਰ ਮਾਮ ਚੰਦ ਵਾਸੀ ਮਾਨਪੁਰ ਯੂਪੀ ਖ਼ਿਲਾਫ਼ ਧਾਰਾ 420 ,120 ਬੀ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੁਰਾਕ ਸਪਲਾਈ ਅਫਸਰ ਨੇ ਇੱਥੇ ਦੱਸਿਆ ਕਿ ਟਰੱਕ ਰੋਕਣ ’ਤੇ ਜੋ ਬਿਲ ਦਿਖਾਇਆ ਗਿਆ ਸੀ ਕਿ ਭੇਜਣ ਵਾਲਾ ਮੈਸ. ਜੇ.ਪੀ ਡੀਵਲ ਰਾਇਸ ਮਿਲਜ਼ ਪਿੰਡ ਦਲੇਲਪੁਰ ਅਤੇ ਜਾਖਲ ਦੇ ਸ਼ਿਵ ਸ਼ੰਕਰ ਐਂਟਰਪ੍ਰਾਈਜ਼ ਦੇ ਨਾਂ ਸੀ ਜੋ ਕਿ ਕਥਿਤ ਤੌਰ ’ਤੇ ਗਲਤ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗਲਤ ਬਿਲਿੰਗ ਦਿਖਾ ਕੇ ਪੰਜਾਬ ’ਚ ਖਰੀਫ ਸੀਜ਼ਨ 20-21 ਦੌਰਾਨ ਸੂਬਾ ਸਰਕਾਰ ਨਾਲ ਧੋਖਾਦੇਹੀ ਕਰਕੇ ਵਿੱਤੀ ਨੁਕਸਾਨ ਕਰਦੇ ਸਨ। ਪੁਲੀਸ ਨੇ ਟਰੱਕ ਡਰਾਈਵਰ ਸੁਨੀਲ ਕੁਮਾਰ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ।