ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਜੁਲਾਈ
ਪਿੰਡ ਸ਼ਾਦੀਪੁਰ ਮੋਮੀਆਂ ਵਿੱਚ ਦੇਰ ਸ਼ਾਮ ਸੱਪ ਦੇ ਡੱਸਣ ਕਾਰਨ 15 ਸਾਲ ਦੇ ਲੜਕੇ ਦੀ ਮੌਤ ਹੋ ਗਈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਮ੍ਰਿਤਕ ਦੇ ਪਿਤਾ ਹਰਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਉਸ ਦਾ ਲੜਕਾ ਦਿਲਪ੍ਰੀਤ ਸਿੰਘ ਖੇਤਾਂ ‘ਚੋਂ ਕੰਮ ਕਰਕੇ ਘਰ ਆਇਆ ਅਤੇ ਬਾਥਰੂਮ ਵਿੱਚ ਚਲਾ ਗਿਆ। ਇਸ ਦੌਰਾਨ ਸੱਪ ਨੇ ਉਸ ਨੂੰ ਡੱਸ ਲਿਆ ਪਰ ਹਨੇਰਾ ਹੋਣ ਕਰਕੇ ਲੜਕੇ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਤੇ ਉਹ ਕਮਰੇ ਵਿੱਚ ਬੈੱਡ ‘ਤੇ ਜਾ ਕੇ ਸੌਂ ਗਿਆ।
ਬਾਅਦ ’ਚ ਹਰਵਿੰਦਰ ਸਿੰਘ ਬਾਥਰੂਮ ਵਿੱਚ ਗਿਆ ਤਾਂ ਸੱਪ ਨੇ ਉਸ ਨੂੰ ਡੱਸਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸੱਪ ਮਾਰ ਦਿੱਤਾ ਪਰ ਲੜਕਾ ਸੱਪ ਵੱਲੋਂ ਡੱਸਣ ਬਾਰੇ ਅਣਜਾਨ ਸੀ। ਕਾਫ਼ੀ ਦੇਰ ਬਾਅਦ ਲੜਕੇ ਦੇ ਦਰਦ ਸ਼ੁਰੂ ਹੋਣ ‘ਤੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਿਆ ਪਰ ਹਾਲਤ ਗੰਭੀਰ ਹੋਣ ‘ਤੇ ਡਾਕਟਰਾਂ ਨੇ ਉਸ ਨੂੰ ਪਟਿਆਲਾ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਦਿਲਪ੍ਰੀਤ ਸਿੰਘ 9ਵੀਂ ’ਚ ਪੜ੍ਹਦਾ ਸੀ।