ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਗਸਤ
ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਵਾਪਰੀ ਧਾਰਮਿਕ ਕਿਤਾਬਾਂ ਦੀ ਬੇਅਦਬੀ ਦੀ ਕਥਿਤ ਘਟਨਾ ਦੇ ਕਥਿਤ ਦੋਸ਼ੀਆਂ ਨੂੰ ਬੇਪਰਦ ਕਰ ਕੇ ਕਾਰਵਾਈ ਯਕੀਨੀ ਬਣਾਉਣ ਦੀ ਮੰਗ ਲਈ ‘ਸੈਕੂਲਰ ਯੂਥ ਫੈੱਡਰੇਸ਼ਨ ਆਫ਼ ਇੰਡੀਆ’ (ਸੈਫੀ) ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਤਰਕ ਹੈ ਕਿ ਜਿਨ੍ਹਾਂ ਪੁਸਤਕਾਂ ਦੀ ਬੇਅਦਬੀ ਹੋਈ ਹੈ, ਉਨ੍ਹਾਂ ’ਚ ਨਾ ਸਿਰਫ਼ ਸਿੱਖ ਬਲਕਿ ਹਿੰਦੂ ਤੇ ਇਸਲਾਮ ਸਮੇਤ ਹੋਰ ਧਰਮਾਂ ਨਾਲ ਵੀ ਸਬੰਧਤ ਪਵਿੱਤਰ ਪੁਸਤਕਾਂ, ਖਰੜੇ ਅਤੇ ਗ੍ਰੰਥ ਆਦਿ ਸ਼ਾਮਲ ਹਨ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਪੱਤਰ ਭੇਜਿਆ ਗਿਆ ਹੈ। ਸੈਫ਼ੀ ਦੇ ਇਕਾਈ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਸ਼ਿਕਵਾ ਕੀਤਾ ਕਿ ਪੱਤਰ ਦੇਣ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨ ਕਰਕੇ ਹੀ ਉਨ੍ਹਾਂ ਨੂੰ ਇਸ ਕਦਰ ਪੱਕਾ ਮੋਰਚਾ ਸ਼ੁਰੂ ਕਰਨਾ ਪਿਆ ਹੈ। ਪ੍ਰਧਾਨ ਯਾਦਵਿੰਦਰ ਯਾਦੂ ਨੇ ਦੱਸਿਆ ਕਿ ਇਸ ਸਬੰਧੀ ਜਥੇਬੰਦੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਪੱਤਰ ਲਿਖਿਆ ਗਿਆ ਹੈ। ਇਸ ਮੌਕੇ ਆਗੂ ਖਲੀਲ ਖਾਨ, ਗੁਰਪ੍ਰੀਤ ਸਿੰਘ, ਜਸ਼ਨ, ਮਨਦੀਪ ਸਿੰਘ, ਕੁਲਦੀਪ ਸਿੰਘ, ਜਤਿੰਦਰ ਸਿੰਘ ਤੇ ਧਰੁਵ ਸੈਣੀ ਹਾਜ਼ਰ ਸਨ।