ਪੱਤਰ ਪ੍ਰੇਰਕ
ਰਾਜਪੁਰਾ, 1 ਜੁਲਾਈ
ਪਿੰਡ ਖਾਨਪੁਰ ਗੰਡਿਆਂ ਵਿੱਚ ਦਲਿਤ ਭਾਈਚਾਰੇ ਦੇ ਸ਼ਮਸ਼ਾਨਘਾਟ ਵਾਲੀ ਜ਼ਮੀਨ ਵਿੱਚੋਂ ਪੰਚਾਇਤ ਦੀ ਸਹਿਮਤੀ ਬਿਨਾਂ ਕੁਝ ਲੋਕਾਂ ਵੱਲੋਂ ਰਸਤਾ ਬਣਾਉਣ ਕਾਰਨ ਛਿੜੇ ਵਿਵਾਦ ਸਬੰਧੀ ਪਿੰਡ ਵਾਸੀਆਂ ਵੱਲੋਂ ਸਰਪੰਚ ਚਰਨਦੀਪ ਸਿੰਘ, ਗੁਰਨਾਮ ਸਿੰਘ ਅਤੇ ਹੋਰਨਾਂ ਦੀ ਅਗਵਾਈ ਹੇਠ ਵਿਵਾਦ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਸਬੰਧੀ ਰਾਜਪੁਰਾ-ਪਟਿਆਲਾ ਰੋਡ ’ਤੇ ਪਿੰਡ ਖੇੜੀ ਗੰਡਿਆਂ ਨੇੜੇ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸਮਰਥਨ ਦੇਣ ਲਈ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਵੀ ਮੌਜੂਦ ਸਨ। ਪਿੰਡ ਦੇ ਸਰਪੰਚ ਚਰਨਦੀਪ ਸਿਘ ਅਤੇ ਹੋਰਨਾਂ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਪਿੰਡ ਖਾਨਪੁਰ ਗੰਡਿਆਂ ਵਿੱਚ ਦਲਿਤ ਭਾਈਚਾਰੇ ਦੇ ਸ਼ਮਸ਼ਾਨਘਾਟ ਦੀ ਕਰੀਬ ਇੱਕ ਏਕੜ ਜ਼ਮੀਨ ਸ਼ਿਵ ਮੰਦਿਰ ਖਾਨਪੁਰ ਗੰਡਿਆਂ ਦੇ ਨਾਲ ਲੱਗਦੀ ਹੈ। ਪਿੰਡ ਦੇ ਕੁਝ ਲੋਕਾਂ ਵੱਲੋਂ ਪੰਚਾਇਤ ਦੀ ਸਹਿਮਤੀ ਬਿਨਾਂ ਹੀ ਇਸ ਸ਼ਮਸ਼ਾਨਘਾਟ ਵਾਲੀ ਜ਼ਮੀਨ ਵਿੱਚੋਂ ਰਸਤਾ ਬਣਾਇਆ ਜਾਣ ਲੱਗਿਆ, ਜਿਸ ਦਾ ਐੱਸ.ਸੀ ਭਾਈਚਾਰੇ ਵੱਲੋਂ ਵਿਰੋਧ ਕੀਤੇ ਜਾਣ ’ਤੇ ਮਾਮਲਾ ਥਾਣਾ ਖੇੜੀ ਗੰਡਿਆਂ ਦੀ ਪੁਲੀਸ ਕੋਲ ਪੁੱਜ ਗਿਆ। ਇਸੇ ਦੌਰਾਨ ਸ਼ਮਸ਼ਾਨਘਾਟ ਦੀ ਜ਼ਮੀਨ ਵਿੱਚੋਂ ਰਸਤਾ ਬਣਾਉਣ ਵਾਲੇ ਪਿੰਡ ਵਾਸੀਆਂ ਨੇ ਕਥਿਤ ਤੌਰ ’ਤੇ ਗੁਰਨਾਮ ਸਿੰਘ ਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕਰ ਦਿੱਤੀ। ਇਨ੍ਹਾਂ ਹਮਲਾਵਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਸਬੰਧੀ ਪਿੰਡ ਵਾਸੀਆਂ ਨੇ ਅੱਜ ਸੜਕੀ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ। ਡੀ.ਐੱਸ.ਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਵੱਲੋਂ ਹਮਲਾਵਰਾਂ ਖ਼ਿਲਾਫ਼ ਕਾਰਵਾਈ ਦਾ ਵਿਸ਼ਵਾਸ ਦਿੱਤੇ ਜਾਣ ’ਤੇ ਉਨ੍ਹਾਂ ਨੇ ਧਰਨਾ ਚੁੱਕ ਦਿੱਤਾ।