ਖੇਤਰੀ ਪ੍ਰਤੀਨਿਧ
ਪਟਿਆਲਾ, 31 ਅਗਸਤ
ਪਟਿਆਲਾ ਜ਼ਿਲ੍ਹੇ ਅੰਦਰ ਚਾਰ ਖੇਤਰਾਂ ਵਿੱਚ ਫੈਲੀ ਸੂਰਾਂ ਦੀ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਇਕ ਹੰਗਾਮੀ ਮੀਟਿੰਗ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੁਲੀਸ ਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਰਾਂ ਜਾਂ ਸੂਰਾਂ ਦੇ ਮੀਟ ਜਾਂ ਸੂਰ ਫਾਰਮਾਂ ਨਾਲ ਸਬੰਧਤ ਕਿਸੇ ਵੀ ਸਮੱਗਰੀ ਜ਼ਿਲ੍ਹੇ ਵਿੱਚੋਂ ਬਾਹਰ ਭੇਜਣ ’ਤੇ ਪੂਰਨ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਜ਼ਿਲ੍ਹੇ ਵਿੱਚ ਵਿਸ਼ੇਸ਼ ਨਾਕੇ ਲਗਾਏ ਜਾਣ ਤੇ ਮੀਟ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਦੇ ਪਿੰਡ ਰਵਾਸ ਬ੍ਰਾਹਮਣਾਂ, ਗੰਗਰੋਲਾ, ਬਾਬੂ ਸਿੰਘ ਕਲੋਨੀ ਅਬਲੋਵਾਲ ਤੇ ਪਾਸੀ ਰੋਡ ਦੀ ਬਾਬਾ ਜੀਵਨ ਸਿੰਘ ਬਸਤੀ ਸੂਰਾਂ ਦੀ ਬਿਮਾਰੀ ਦੇ ਕੇਂਦਰ ਵਜੋਂ ਨੋਟੀਫਾਈ ਕੀਤੇ ਗਏ ਹਨ, ਇਸ ਲਈ ਇਹ ਬਿਮਾਰੀ ਅੱਗੇ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਵਜੋਂ, ਉਨ੍ਹਾਂ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਵੱਖ-ਵੱਖ ਪਾਬੰਦੀਆਂ ਦੇ ਆਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਸੂਰ ਪਾਲਕ ਫਾਰਮਾਂ ਨੂੰ ਕੰਟੇਨਮੈਂਟ ਜ਼ੋਨ ਪਹਿਲਾਂ ਹੀ ਐਲਾਨਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸੂਰ ਪਾਲਕ ਆਪਣੇ ਸੂਰਾਂ ਨੂੰ ਆਪਣੇ ਫਾਰਮਾਂ ਵਿੱਚ ਹੀ ਰੱਖਣ ਨਾ ਕਿ ਇਨ੍ਹਾਂ ਨੂੰ ਕਿਸੇ ਖੁੱਲ੍ਹੀ ਜਗ੍ਹਾ ਜਾਂ ਬੀੜ ਆਦਿ ’ਚ ਛੱਡਣ। ਉਨ੍ਹਾਂ ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ ਨੂੰ ਹਦਾਇਤ ਕੀਤੀ ਕਿ ਬੀੜਾਂ ਦੁਆਲੇ ਵਿਸ਼ੇਸ਼ ਨਾਕੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਪੀੜਤ ਸੂਰ ਦੀ ਮੌਤ ਹੋਣੀ ਤੈਅ ਹੈ, ਇਸ ਲਈ ਇਨ੍ਹਾਂ ਨੂੰ ਮਾਰਨ (ਕੱਲਿੰਗ) ਦਾ ਸਰਕਾਰ ਸੂਰ ਪਾਲਕਾਂ ਨੂੰ ਮੁਆਵਜ਼ਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਈ ਪਸ਼ੂ ਮੇਲਾ ਨਹੀਂ ਲੱਗੇਗਾ ਤੇ ਪ੍ਰਭਾਵਿਤ ਇਲਾਕਿਆਂ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਅਫ਼ਰੀਕਨ ਸਵਾਈਨ ਫੀਵਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਆਪਸੀ ਤਾਲਮੇਲ ਨਾਲ ਇਸ ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ।
ਸੂਰ ਫਾਰਮਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ
ਪਟਿਆਲਾ: ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਸੂਰਾਂ ਵਿੱਚ ਫੈਲੀ ਅਫ਼ਰੀਕਨ ਸਵਾਈਨ ਫੀਵਰ ਦੀ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਸਾਰੇ ਸੂਰ ਫਾਰਮਾਂ ਜਾਂ ਕੋਈ ਵੀ ਜਗ੍ਹਾ ਜਿੱਥੇ ਇਕ ਜਾਂ ਇੱਕ ਤੋਂ ਵੱਧ ਸੂਰ ਪਾਲੇ ਜਾਂਦੇ ਹਨ ਜਾਂ ਰੱਖੇ ਜਾਂਦੇ ਹਨ ਜਾਂ ਕੋਈ ਸੂਰ ਰੱਖਿਆ ਗਿਆ ਹੈ, ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਹੈ। ਅੱਜ ਦੇਰ ਰਾਤ ਜਾਰੀ ਕੀਤੇ ਗਏ ਅਤੇ ਤੁਰੰਤ ਪ੍ਰਭਾਵ ਤੋਂ ਲਾਗੂ ਹੋਏ ਇਨ੍ਹਾਂ ਹੁਕਮਾਂ ਮੁਤਾਬਕ ਸੂਰ ਪਾਲਣ ਵਾਲੀਆਂ ਇਨ੍ਹਾਂ ਥਾਵਾਂ ਤੋਂ ਕਿਸੇ ਵਿਅਕਤੀ/ਵਿਅਕਤੀਆਂ, ਸੂਰਾਂ, ਮਸ਼ੀਨਰੀ ਜਾਂ ਇਸ ਦੇ ਪੁਰਜ਼ਿਆਂ, ਗ਼ੈਰ-ਪ੍ਰੋਸੈਸ ਕੀਤੇ ਮੀਟ ਜਾਂ ਹੋਰ ਕਿਸੇ ਵੀ ਵਸਤੂ ਜਾਂ ਵਸਤਾਂ ਨੂੰ ਕਿਤੇ ਭੇਜਣ ਦੀ ਅਗਲੇ ਹੁਕਮਾਂ ਤੱਕ ਕੋਈ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ’ਤੇ ਆਈਪੀਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੀਟ ਦੀ ਵਿਕਰੀ ਰੋਕਣ ਲਈ ਐਨਫੋਰਸਮੈਂਟ ਵਿੰਗ ਬਣਾਇਆ
ਪਟਿਆਲਾ: ਸੂਰਾਂ ਵਿੱਚ ਫੈਲੇ ਅਫਰੀਕਨ ਫਲੂ ਕਾਰਨ ਪਾਬੰਦੀਸ਼ੁਦਾ ਮੀਟ ਦੀ ਵਿਕਰੀ ਰੋਕਣ ਲਈ ਨਿਗਮ ਵੱਲੋਂ ਐਨਫੋਰਸਮੈਂਟ ਵਿੰਗ ਬਣਾਇਆ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਦਾ ਕਹਿਣਾ ਹੈ ਕਿ ਨਗਰ ਨਿਗਮ ਦੀ ਹਦੁਦ ਅੰਦਰ ਸੂਰ ਦਾ ਮੀਟ ਵੇਚਣ ’ਤੇ ਪਾਬੰਦੀ ਹੈ ਅਤੇ ਸੂਰ ਦੇ ਮੀਟ ਨੂੰ ਸ਼ਹਿਰ ਤੋਂ ਬਾਹਰ ਨਾ ਜਾਣ ਦੇਣ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਐਨਫੋਰਸਮੈਂਟ ਵਿੰਗ ਤਿਆਰ ਕੀਤਾ ਗਿਆ ਹੈ। ਪੂਰਾ ਹਫ਼ਤਾ ਰਾਤ ਸਮੇਂ ਨਿਗਮ ਦਾ ਐਨਫੋਰਸਮੈਂਟ ਵਿੰਗ ਸਰਗਰਮ ਰਹਿ ਕੇ ਸੂਰ ਪਾਲਕਾਂ ’ਤੇ ਤਿੱਖੀ ਨਜ਼ਰ ਰੱਖੇਗਾ। ਸ਼ਹਿਰ ਵਿੱਚ ਕੋਈ ਵਿਅਕਤੀ ਖੁੱਲ੍ਹੇ ਵਿੱਚ ਦਾ ਮੀਟ ਵੇਚ ਰਿਹਾ ਹੋਵੇ ਤਾਂ ਸੂਚਨਾ ਨਿਗਮ ਦੇ ਟੌਲ ਫਰੀ ਨੰਬਰ 1800 180 2808 ’ਤੇ ਦਿੱਤੀ ਜਾ ਸਕਦੀ ਹੈ।