ਮਾਨਵਜੋਤ ਭਿੰਡਰ
ਡਕਾਲਾ, 18 ਅਗਸਤ
ਚੀਕਾ-ਬਲਬੇੜਾ ਰੋਡ ’ਤੇ ਵਾਪਰੇ ਇੱਕ ਸੜਕ ਹਾਦਸੇ ’ਚ ਮੋਟਰਸਾਈਕਲ ਚਾਲਕ ਲਾਭ ਸਿੰਘ ਦੀ ਮੌਤ ਹੋ ਗਈ ਜਦਕਿ ਦੋ ਮਹਿਲਾਵਾਂ ਗੰਭੀਰ ਜ਼ਖਮੀ ਹੋ ਗਈਆਂ। ਇਸ ਘਟਨਾ ਸਬੰਧੀ ਰਾਕੇਸ਼ ਸਿੰਘ ਵਾਸੀ ਭੱਟੀਆਂ ਵੱਲੋਂ ਪੁਲੀਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ ਆਪਣੇ ਪਿਤਾ ਲਾਭ ਸਿੰਘ ਸਮੇਤ ਆਪੋ-ਆਪਣੇ ਮੋਟਰਸਾਈਕਲਾਂ ’ਤੇ ਬਲਬੇੜਾ ਤੋਂ ਆਪਣੇ ਪਿੰਡ ਵੱਲ ਪਰਤ ਰਹੇ ਸਨ ਕਿ ਜਦੋਂ ਦੋਵੇ ਜਣੇ ਬਿਲਾਸਪੁਰ ਤੋਂ ਅਕਾਲਗੜ੍ਹ ਦੇ ਵਿਚਕਾਰ ਪਹੁੰਚੇ ਤਾਂ ਬਲਬੇੜਾ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਦੇ ਚਾਲਕ ਨੇ ਲਾਭ ਸਿੰਘ ਦੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਏ ਤੇ ਉਨ੍ਹਾਂ ਦੇ ਸਿਰ ਅਤੇ ਸਰੀਰ ’ਤੇ ਕਾਫ਼ੀ ਸੱਟਾਂ ਵੱਜੀਆਂ।
ਇਸ ਟੱਕਰ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ’ਤੇ ਖੜ੍ਹੀ ਐਕਟਿਵਾ ਵਿੱਚ ਵੱਜ ਕੇ ਖਤਾਨਾਂ ਵਿੱਚ ਜਾ ਡਿੱਗੀ। ਉਸ ਐਕਟਿਵਾ ’ਤੇ ਇੱਕ ਔਰਤ ਬੈਠੀ ਹੋਈ ਸੀ ਅਤੇ ਦੂਜੀ ਔਰਤ ਨਜ਼ਦੀਕ ਖੜ੍ਹੀ ਇੱਕ ਪੇਠੇ ਵਾਲੀ ਰੇਹੜੀ ਤੋਂ ਮਠਿਆਈ ਖਰੀਦ ਰਹੀ ਸੀ। ਇਸ ਬੇਕਾਬੂ ਹੋਈ ਕਾਰ ਕਾਰਨ ਇਹ ਦੋਵੇਂ ਔਰਤਾਂ ਵੀ ਗੰਭੀਰ ਜ਼ਖਮੀ ਹੋ ਗਈਆਂ। ਤਿੰਨੋਂ ਜ਼ਖਮੀਆਂ ਨੂੰ ਪ੍ਰਾਈਵੇਟ ਵਾਹਨ ਰਾਹੀਂ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਗੰਭੀਰ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਲਾਭ ਸਿੰਘ ਦੀ ਮੌਤ ਹੋ ਗਈ ਜਦਕਿ ਦੋਵੇਂ ਔਰਤਾਂ ਜੇਰੇ ਇਲਾਜ ਹਨ। ਇਸ ਸਬੰਧੀ ਚੌਕੀ ਬਲਬੇੜਾ ਵਿੱਚ ਅਣਪਛਾਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ ਹੈ।