ਖੇਤਰੀ ਪ੍ਰਤੀਨਿਧ
ਪਟਿਆਲਾ, 9 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਕਵੀ ਅਵਤਾਰ ਪਾਸ਼ ਦੇ ਜਨਮ ਦਿਨ ਮੌਕੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਜੁਝਾਰਵਾਦੀ ਕਵੀ ਦਰਸ਼ਨ ਖਟਕੜ ਵੱਲੋਂ ‘ਸਾਡੇ ਸਮਿਆਂ ਦੀ ਲੋਹ ਕਥਾ, ਪਾਸ਼ ਕਾਵਿ ਦੇ ਜੁਝਾਰੂ ਖਾਸੇ ਦੀ ਸਮਕਾਲੀ ਪ੍ਰਸੰਗਿਕਤਾ’ ਵਿਸ਼ੇ ’ਤੇ ਵਿਚਾਰ ਪੇਸ਼ ਕੀਤੇ ਗਏ। ਸ੍ਰੀ ਖਟਕੜ ਨੇ ਕਿਹਾ ਕਿ ਅਵਤਾਰ ਪਾਸ਼ ਕਿਰਤੀ ਜਮਾਤ ਦਾ ਕਵੀ ਹੈ। ਪਾਸ਼ ਕਾਵਿ ਸਥਾਪਤੀ ਖ਼ਿਲਾਫ਼ ਜੂਝਣ ਦਾ ਨਾਮ ਹੈ। ਅਜੋਕੇ ਸਮੇਂ ਵਿੱਚ ਜਦੋਂ ਫ਼ਿਰਕੂ ਫਾਸ਼ੀਵਾਦ ਪੂਰਨ ਰੂਪ ਵਿੱਚ ਪੈਰ ਪਸਾਰ ਰਿਹਾ ਹੈ, ਤਾਂ ਉਸ ਸਮੇਂ ਪਾਸ਼ ਨੂੰ ਯਾਦ ਕਰਨਾ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ। ਵਿਚਾਰ ਚਰਚਾ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਸੰਵਾਦ ਰਚਾਇਆ। ਯੂਨੀਅਨ ਦੇ ਜਨਰਲ ਸਕੱਤਰ ਅਮਨਦੀਪ ਖਿਓਵਾਲੀ ਨੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਦੇਸ਼ ’ਚ ਲੇਖਕਾਂ, ਬੁੱਧੀਜੀਵੀਆਂ ਦੇ ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਅਜਿਹੇ ’ਚ ਪਾਸ਼ ਕਾਵਿ ਲੋਕਾਈ ਲਈ ਪ੍ਰੇਰਨਾ ਸਰੋਤ ਹੋ ਸਕਦਾ ਹੈ। ਪੰਜਾਬੀ ਵਿਭਾਗ ਤੋਂ ਡਾ. ਸੁਰਜੀਤ, ਡਾ. ਰਾਜਿੰਦਰਪਾਲ ਬਰਾੜ ਤੇ ਡਾ. ਗੁਰਜੰਟ ਸ਼ਾਮਲ ਹੋਏ।