ਖੇਤਰੀ ਪ੍ਰਤੀਨਿਧ
ਪਟਿਆਲਾ, 1 ਮਾਰਚ
ਵਾਰਡ ਨੰਬਰ 42 ਦੇ ਅਧੀਨ ਆਉਣ ਵਾਲੀ ਸ਼ੀਸ਼ ਮਹਿਲ ਕਲੋਨੀ, ਮਹਿੰਦਰਾ ਕਲੋਨੀ, ਸੰਜੇ ਕਲੋਨੀ ਅਤੇ ਨਵੀਂ ਸੰਜੇ ਕਲੋਨੀ ਸ਼ਹਿਰ ਦੇ ਪਛੜੇ ਇਲਾਕਿਆਂ ਦੀ ਸੂਚੀ ਵਿਚ ਆਉਂਦੇ ਹਨ। ਇਨ੍ਹਾਂ ਕਾਲੋਨੀਆਂ ਕੋਲ ਪਿਛਲੇ ਲੰਮੇ ਸਮੇਂ ਤੋਂ ਮੱਛੀ ਤਲਾਬ ਵੱਡੀ ਮੁਸੀਬਤ ਬਣ ਚੁੱਕੇ ਸੀ। ਜਿਨ੍ਹਾਂ ਨੂੰ ਮਿੱਟੀ ਪਾ ਕੇ ਬੰਦ ਕਰਕੇ ਪਾਰਕ ਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਕ ਬਣਾਉਣ ਦੇ ਕੰਮ ਸ਼ੁਰੂ ਕਰਵਾਉਣ ਮੌਕੇ ਮੇਅਰ ਸੰਜੀਵ ਬਿੱਟੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸੱਤ ਸੌ ਮੀਟਰ ਲੰਬੇ ਅਤੇ ਸੌ ਫੁੱਟ ਚੌੜੇ ਇਸ ਪਾਰਕ ਨੂੰ ਤਿਆਰ ਕਰਨ ਲਈ ਪੈਂਤੀ ਲੱਖ ਰੁਪਏ ਦਾ ਖਰਚਾ ਆਵੇਗਾ। ਪਾਰਕ ਨਿਰਮਾਣ ਤੋਂ ਬਾਅਦ ਜਿੱਥੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ, ਉਥੇ ਹੀ ਸ਼ਹਿਰ ਦੇ ਲੋਕ ਸਭ ਤੋਂ ਵੱਡੇ ਪਾਰਕ ਵਿਚ ਰੋਜ਼ਾਨਾ ਸੈਰ ਕਰ ਸਕਣਗੇ। ਇਸ ਮੌਕੇ ਮੌਜੂਦ ਨਗਰ ਨਿਗਮ ਐਕਸੀਅਨ ਐੈੱ ਸੀ ਸ਼ਾਮ ਲਾਲ ਗੁਪਤਾ ਨੇ ਦੱਸਿਆ ਕਿ ਪਾਰਕ ਨਿਰਮਾਣ ਦੇ ਦੌਰਾਨ ਪਾਰਕਿੰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ, ਨਾਲ ਹੀ ਪਾਰਕ ਦੇ ਸਾਰੇ ਮਹੱਤਵਪੂਰਨ ਹਿੱਸਿਆਂ ਵਿੱਚ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ।