ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਕਤੂਬਰ
ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਜੌੜੀਆਂ ਭੱਠੀਆਂ ਨਾਮੀਂ ਇਲਾਕੇ ਵਿੱਚ ਲੰਘੀ ਦੇਰ ਰਾਤ ਦੋ ਗੂੜ੍ਹੇ ਦੋਸਤਾਂ ਦਰਮਿਆਨ ਹੋਈ ਮਾਮੂਲੀ ਤਕਰਾਰ ਦੌਰਾਨ ਇੱਕ ਨੇ ਦੂਜੇ ਦੀ ਬੇਰਹਿਮੀ ਨਾਲ ਜਾਨ ਲੈ ਲਈ। ਕਤਲ ਦੀ ਇਸ ਘਟਨਾ ਦੌਰਾਨ ਬਰਫ ਤੋੜਨ ਵਾਲੇ ਨੁਕੀਲੇ ਸੂਏ ਦੀ ਵਰਤੋਂ ਕੀਤੀ ਗਈ। ਭਾਵੇਂ ਅਸਲੀ ਤੱਥ ਤਾਂ ਪੋਸਟਮਾਰਟਮ ਦੀ ਰਿਪੋਰਟ ਦੌਰਾਨ ਹੀ ਸਪੱਸ਼ਟ ਹੋ ਸਕਣਗੇ, ਪਰ ਮੁੱਢਲੀ ਜਾਣਕਾਰੀ ਅਨੁੁਸਾਰ ਹਮਲਾਵਰ ਵੱਲੋਂ ਇਸ ਨੁਕੀਲੇ ਸੂਏ ਨਾਲ ਕੀਤੇ ਵਾਰਾਂ ਦੇ ਮ੍ਰਿਤਕ ਦੇ ਸਰੀਰ ’ਤੇ ਦਰਜਨ ਭਰ ਨਿਸ਼ਾਨ ਮਿਲੇ ਹਨ। ਇਸ ਮੰਦਭਾਗੀ ਘਟਨਾ ਦੌਰਾਨ ਮੌਤ ਦੇ ਮੂੰਹ ’ਚ ਜਾਣ ਵਾਲੇ ਵਿਅਕਤੀ ਦੀ ਪਹਿਚਾਣ 62 ਸਾਲਾ ਸਤਿੰਦਰਪਾਲ ਭੋਲਾ ਵਾਸੀ ਜੌੜੀਆਂ ਭੱਠੀਆਂ ਪਟਿਆਲਾ ਵਜੋਂ ਹੋਈ ਹੈ ਜਦਕਿ ਉਸ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕਥਿਤ ਦੋਸ਼ੀ ਦੀ ਪਛਾਣ ਸਤੀਸ਼ ਕੁਮਾਰ ਵਜੋਂ ਹੋਈ ਹੈ ਜੋ ਇਸੇ ਖੇਤਰ ਵਿਚਲੇ ਜੱਟਾਂ ਵਾਲੇ ਚੌਂਤਰੇ ਦਾ ਰਹਿਣ ਵਾਲਾ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਰਾਜੇਸ਼ਪਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੋਤਵਾਲੀ ਪਟਿਆਲਾ ਵਿੱਚ ਸਤੀਸ਼ ਕੁਮਾਰ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਜਿਸ ਦੀ ਸੰਪਰਕ ਕਰਨ ’ਤੇ ਕੋਤਵਾਲ ਇੰਸਪੈਕਟਰ ਰਾਜੇਸ਼ ਮਲਹੋੋਤਰਾ ਨੇ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਹੈ ਕਿ ਭੋਲਾ ਅਤੇ ਸਤੀਸ਼ ਗੂੜ੍ਹੇ ਮਿੱੱਤਰ ਸਨ ਪਰ ਇੱੱਕ ਮਾਮੂਲੀ ਜਿਹੀ ਗੱਲ ਤੋਂ ਦੋਵਾਂ ਦਰਮਿਆਨ ਤਕਰਾਰ ਹੋ ਗਈ, ਜੋ ਖੂਨੀ ਝੜਪ ਦਾ ਰੂਪ ਧਾਰਨ ਕਰ ਗਈ ਜਿਸ ’ਚ ਸਤਿੰਦਰਪਾਲ ਭੋਲਾ ਦੀ ਮੌਤ ਹੋ ਗਈ।