ਸਮਾਣਾ: ਅੱਜ ਦੁਪਹਿਰ ਬਾਅਦ ਰਾਮ ਬਸਤੀ ਨੇੜੇ ਪੈਂਦੇ ਗੰਦੇ ਨਾਲੇ ਤੋਂ ਪੰਜ ਮਹੀਨੇ ਦਾ ਭਰੂਣ ਮਿਲਿਆ। ਇਸ ਭਰੂਣ ਨੂੰ ਸ਼ਿਵ ਸੈਨਾ ਆਗੂ ਪ੍ਰਵੀਨ ਸ਼ਰਮਾ ਨੇ ਗੰਦੇ ਨਾਲੇ ’ਚੋਂ ਬਾਹਰ ਕਢਵਾ ਕੇ ਪੁਲੀਸ ਨੂੰ ਸੂਚਿਤ ਕਰ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਭਰੂਣ ਦੇ ਮ੍ਰਿਤਕ ਮਿਲਣ ’ਤੇ ਜਾਂਚ ਲਈ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਮਿਲੇ ਭਰੂਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੰਗਲਵਾਰ ਨੂੰ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰ ਕੇ ਜਾਂਚ ਕੀਤੀ ਜਾਵੇਗੀ ਕਿ ਇਹ ਬੱਚਾ ਕਿਸੇ ਮਾਂ ਦੇ ਪੇਟ ’ਚੋਂ ਮਰਿਆ ਹੋਇਆ ਮਿਲਿਆ ਹੈ ਜਾਂ ਕਿਸੇ ਹਸਪਤਾਲ ਦੇ ਡਾਕਟਰ ਵੱਲੋਂ ਅਬਾਰਸ਼ਨ ਕੀਤਾ ਗਿਆ ਹੈ। ਥਾਣਾ ਸਿਟੀ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੀ ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਰਿਪੋਰਟ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ