ਸੁਭਾਸ਼ ਚੰਦਰ
ਸਮਾਣਾ, 25 ਅਕਤੂਬਰ
ਪਿੰਡ ਮਰੋੜੀ ਵਿੱਚ ਮਾਮੂਲੀ ਤਕਰਾਰ ਉਪਰੰਤ ਦੋ ਧਿਰਾਂ ’ਚ ਹੋਏ ਝਗੜੇ ਕਾਰਨ ਤਿੰਨ ਔਰਤਾਂ ਸਣੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਸਦਰ ਪੁਲੀਸ ਨੇ ਛੇ ਔਰਤਾਂ ਸਣੇ 17 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਹਾਂ ਧਿਰਾਂ ਨੇ ਇਕ-ਦੂਜੇ ’ਤੇ ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ।
ਸਦਰ ਪੁਲੀਸ ਦੇ ਮੁਖੀ ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਇਕ ਧਿਰ ਵੱਲੋਂ ਗਲੀ ਦੇ ਉਪਰ ਛੱਤ ਪਾਉਣ ਦੇ ਵਿਰੋਧ ਵਿੱਚ ਹੋਏ ਝਗੜੇ ਕਾਰਨ ਦੋਵਾਂ ਧਿਰਾਂ ਨੇ ਜੰਮ ਕੇ ਡਾਂਗਾਂ ਤੇ ਸੋਟਿਆਂ ਦੀ ਵਰਤੋ ਕੀਤੀ। ਇਸ ਝਗੜੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਪ੍ਰੀਤਮ ਸਿੰਘ ਅਤੇ ਸਰਬਜੀਤ ਕੌਰ ਵਾਸੀ ਪਿੰਡ ਮਰੋੜੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੇ ਗਏ ਕਰਾਸ ਕੇਸ ’ਚ ਸੁਖਵਿੰਦਰ ਸਿੰਘ ਤੇ ਉਸ ਦੀ ਪਤਨੀ ਰਿੰਪੀ, ਜਸਵੀਰ ਸਿੰਘ ਅਤੇ ਉਸ ਦੀ ਪਤਨੀ ਜਸਦੇਵ ਕੌਰ, ਨੱਛਤਰ ਸਿੰਘ ਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ, ਜਸਪਾਲ ਸਿੰਘ, ਜਗਤਾਰ ਸਿੰਘ ਅਤੇ ਪ੍ਰੀਤਮ ਸਿੰਘ ਵਾਸੀ ਪਿੰਡ ਮਰੋੜੀ ਅਤੇ ਪਾਲ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਅਤੇ ਉਸ ਦੇ ਬੇੇਟੇ ਗੁਰਵਿੰਦਰ ਸਿੰਘ, ਸੰਜੂ ਅਤੇ ਮਨੀ, ਬਾਰੂ ਸਿੰਘ ਤੇ ਉਸ ਦੀ ਪਤਨੀ ਕੁਲਦੀਪ ਕੌਰ ਅਤੇ ਬੇਟੀ ਪੂਜਾ ਨੂੰ ਨਾਮਜ਼ਦ ਕੀਤਾ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਰਣਜੀਤ ਸਿੰਘ ਅਨੁਸਾਰ ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਸੂਰਵਾਰ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਏਗਾ।