ਖੇਤਰੀ ਪ੍ਰਤੀਨਿਧ
ਪਟਿਆਲਾ, 4 ਅਗਸਤ
ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਦੇ ਇੱਕ ਵਫ਼ਦ ਨੇ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਰੱਖੀਆਂ। ਇਸ ਦੌਰਾਨ ਵਫ਼ਦ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਬਿਨਾਂ ਸਵੈ ਘੋਸ਼ਣਾ ਪੱਤਰ ਤੋਂ ਹੀ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਵੇ। ਇਸ ਦੌਰਾਨ ਉਨ੍ਹਾਂ ਨੇ ਚੌਥੀ ਪੀੜ੍ਹੀ ਨੂੰ ਕਾਨੂੰਨੀ ਵਾਰਸਾਂ ਵਿਚ ਸ਼ਾਮਲ ਕੀਤਾ ਜਾਵੇ, ਨੌਕਰੀਆਂ ਵਿੱਚ ਪੰਜ ਫੀਸਦ ਰਾਖਵਾਂਕਰਨ, ਪ੍ਰਮੋਸ਼ਨ ਲਈ ਕੋਟਾ, ਸੁਤੰਤਰਤਾ ਸੰਗਰਾਮੀ ਭਲਾਈ ਬੋਰਡ ਸਥਾਪਿਤ ਕਰਨ, ਤੀਜੀ ਪੀੜ੍ਹੀ ਤੱਕ ਪੈਨਸ਼ਨ ਸਕੀਮ, ਜ਼ਿਲ੍ਹਾ ਪੱਧਰੀ ਯਾਦਗਾਰ ਹਾਲ ਸਥਾਪਤ ਕਰਨ ਦੀ ਮੰਗ ’ਤੇ ਜ਼ੋਰ ਦਿੱਤਾ। ਵਫ਼ਦ ’ਚ ਪ੍ਰਕਾਸ਼ ਧਾਲੀਵਾਲ, ਇੰਦਰਪਾਲ ਧਾਲੀਵਾਲ, ਪ੍ਰੀਤਮ ਮਾਨ ਅਮਰਪ੍ਰੀਤ ਬੌਬੀ ਤੇ ਨਵਤੇਜ ਭੱਠਲ ਸ਼ਾਮਲ ਸਨ, ਜਿਨ੍ਹਾਂ ਨੇ ਦੇਸ਼ ਭਗਤ ਪਰਿਵਾਰਾਂ ਨੂੰ ਹਕੂਮਤਾਂ ਵੱਲੋਂ ਅਣਗੌਲਿਆਂ ਕਰਨ ਦਾ ਉਲਾਂਭਾ ਵੀ ਵਿੱਤ ਮੰਤਰੀ ਨੂੰ ਦਿੱਤਾ। ਉਨ੍ਹਾਂ ਬਣਦੀਆਂ ਅਤੇ ਐਲਾਨੀਆਂ ਸਹੂਲਤਾਂ ਨਾ ਦੇਣ ’ਤੇ ਵੀ ਰੋਸ ਜਤਾਇਆ। ਇਸ ਮੌਕੇ ਵਿੱਤ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਅਤੇ ਮਸਲਿਆਂ ਬਾਰੇ ਮੁੱਖ ਮੰਤਰੀ ਨਾਲ ਚਰਚਾ ਕਰਨ ਦਾ ਭਰੋਸਾ ਦਿੱਤਾ।