ਘਨੌਰ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ਦੀ ਟਰੈਕਟਰ ਪਰੇਡ ਲਈ ਹਲਕਾ ਘਨੌਰ ਦੇ ਪਿੰਡਾਂ ਵਿੱਚ ਕਿਸਾਨਾਂ ਦੀ ਲਾਮਬੰਦੀ ਹੋਰ ਤੇਜ਼ ਹੋ ਗਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਮਹਿਲਾ ਕਿਸਾਨ ਆਗੂ ਤੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੂਖਮੈਲਪੁਰ ਨੇ ਦੱਸਿਆ ਕਿ ਹਲਕਾ ਘਨੌਰ ’ਚੋਂ ਟਰੈਕਟਰ ਪਰੇਡ ਵਿੱਚ 200 ਤੋਂ ਵੱਧ ਟਰੈਕਟਰ ਸ਼ਾਮਲ ਹੋਣਗੇ। ਇਹ ਟਰੈਕਟਰ ਕਾਫਲਾ 22 ਜਨਵਰੀ ਨੂੰ ਹਲਕਾ ਘਨੌਰ ਤੋਂ ਦਿੱਲੀ ਲਈ ਕੂਚ ਕਰੇਗਾ। ਟਰੈਕਟਰਾਂ ਦੇ ਇਸ ਕਾਫਲੇ ਦੇ ਨਾਲ ਵੱਡੀ ਗਿਣਤੀ ਕਿਸਾਨ ਬੀਬੀਆਂ ਵੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਜਾਣਗੀਆਂ। ਉਨ੍ਹਾਂ ਕਿਹਾ, ‘‘ਮੈਂ ਕਿਸਾਨ ਦੀ ਧੀ ਹਾਂ, ਕਿਸਾਨ ਦੀ ਨੂੰਹ ਹਾਂ, ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨਾਲ ਖੜਾਂਗੀ।’’ ਉਨ੍ਹਾਂ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਦੇ ਭਲੇ ਲਈ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ।
-ਪੱਤਰ ਪ੍ਰੇਰਕ