ਖੇਤਰੀ ਪ੍ਰਤੀਨਿਧ
ਪਟਿਆਲਾ, 5 ਜੂਨ
ਐਂਟੀ ਨਾਰਕੋਟਿਕਸ ਸੈੱਲ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਜਗਵੀਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪੰਜਾਬ ਭਰ ’ਚ ਸਪਲਾਈ ਕਰਨ ਲਈ ਟਰੱਕ ਰਾਹੀਂ ਦਿੱਲੀ ਤੋਂ ਲਿਆਂਦੀ ਜਾ ਰਹੀ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ ਕੀਤੀ। ਇਸ ਦੌਰਾਨ ਦੋ ਨਸ਼ਾ ਤਸਕਰ ਵੀ ਦਬੋਚ ਲਏ ਗਏ ਹਨ ਪਰ ਇਨ੍ਹਾਂ ਦੇ ਤੀਜੇ ਸਾਥੀ ਦੀ ਤਲਾਸ਼ ਜਾਰੀ ਹੈ।
ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਤਸਕਰਾਂ ਕੋਲੋਂ ਇੱਕ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਲੁਧਿਆਣਾ ਜ਼ਿਲ੍ਹੇ ਨਾਲ਼ ਸਬੰਧਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਰਣਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਹਾਬੜਾ ਅਤੇ ਮਨਜੀਤ ਸਿੰਘ ਮਿੰਟੂ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਲੁਹਾਰਾ ਸ਼ਾਮਲ ਹਨ। ਸੋਹਣ ਸਿੰਘ ਸੋਨੀ ਵਾਸੀ ਰਾਜਗੜ੍ਹ ਦੀ ਭਾਲ਼ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਗੁਪਤ ਇਤਲਾਹ ਦੇ ਆਧਾਰ ’ਤੇ ਸ਼ਾਹੀ ਸ਼ਹਿਰ ਪਟਿਆਲਾ ਦੇ ਖੇਤਰ ਵਿੱਚੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਨਸ਼ੀਲੀਆਂ ਗੋਲੀਆਂ ਦੀ ਇਹ ਖੇਪ ਇੱਕ ਟਰੱਕ ਰਾਹੀਂ ਉਹ ਦਿੱਲੀ ਤੋਂ ਲੈ ਕੇ ਆਏ ਸਨ। ਮੁੱਢਲੀ ਪੁੱਛ-ਗਿੱਛ ਮੁਤਾਬਕ ਇਹ ਨਸ਼ੀਲੀਆਂ ਵਸਤਾਂ ਵੱਖ ਵੱਖ ਖੇਤਰਾਂ ਵਿੱਚ ਸਪਲਾਈ ਕੀਤੀਆਂ ਜਾਣੀਆਂ ਸਨ। ਤਫਤੀਸ਼ੀ ਅਫਸਰ ਇੰਸਪੈਕਟਰ ਜਗਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦਾ ਚਾਰ ਦਿਨਾਂ ਦਾ ਪੁਲੀਸ ਰਿਮਾਂਡ ਮਿਲਿਆ ਹੈ। ਇਸ ਦੌਰਾਨ ਮੁਲਜ਼ਮਾਂ ਤੋਂ ਹੋਰ ਪੁੱਛ-ਗਿੱਛ ਕੀਤੀ ਜਾਵੇਗੀ।