ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 12 ਅਗਸਤ
ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਹਾਫਿਜ਼ਾਬਾਦ ਵਿਚ ਧੋਖੇ ਨਾਲ ਜ਼ਮੀਨ ਆਪਣੇ ਨਾਮ ਕਰਵਾਉਣ ਤੇ ਅਗਵਾ ਕਰਨ ਸਮੇਤ ਧੋਖੇ ਨਾਲ ਖਾਤੇ ਵਿੱਚੋਂ ਪੈਸੇ ਕਢਵਾਉਣ ਸਬੰਧੀ 7 ਵਿਅਕਤੀਆਂ ’ਤੇ ਪਿਛਲੇ ਦਿਨਾਂ ਦੌਰਾਨ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ, ਪਰ ਅੱਜ ਅਗਵਾ ਹੋਏ ਵਿਅਕਤੀ ਅਮਨਦੀਪ ਸਿੰਘ ਨੇ ਪਿੰਡ ਵਿੱਚ ਹੀ ਸਾਬਕਾ ਸਰਪੰਚ ਗੁਰਮੁੱਖ ਸਿੰਘ ਜੋਗਾ ਦੇ ਘਰ ਆਪਣੇ ਅਗਵਾ ਹੋਣ ਦੀ ਗੱਲ ਨੂੰ ਝੂਠ ਦੱਸਿਆ। ਅਮਨਦੀਪ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੇ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ਵੇਚੀ, ਜਿਸ ਮਗਰੋਂ ਉਸ ਦੇ ਪਿੰਡ ਦੇ ਬਲਦੇਵ ਸਿੰਘ ਤੇ ਲਖਵਿੰਦਰ ਸਿੰਘ ਲੱਖੀ ਤੇ ਹੋਰ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਪਏ ਤੇ ਪਿੰਡ ਦੇ ਸਰਪੰਚ ਸਣੇ 7 ਵਿਅਕਤੀਆਂ ਖ਼ਿਲਾਫ਼ ਉਸ ਨੂੰ ਅਗਵਾ ਕਰਨ ਦੀ ਸ਼ਿਕਾਇਤ ਪੁਲੀਸ ਵਿੱਚ ਦੇ ਦਿੱਤੀ। ਅਮਨਦੀਪ ਨੇ ਦੱਸਿਆ ਕਿ ਵੇਚੀ ਗਈ ਜ਼ਮੀਨ ਦੇ ਰੁਪਏ ਉਸ ਨੇ ਵਿਆਜ਼ ’ਤੇ ਦਿੱਤੇ ਹਨ ਤੇ ਆਪਣੀ ਮਰਜ਼ੀ ਨਾਲ ਇੱਥੇ ਰਹਿ ਰਿਹਾ ਹੈ ਫਿਰ ਵੀ ਊਸ ਨੂੰ ਪਾਗਲ ਦੱਸਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਹੁਣ ਊਹ ਪਟਨਾ ਸਾਹਿਬ ’ਚ ਰਹੇਗਾ, ਕਿਉਂਕਿ ਇੱਥੇ ਪਰਿਵਾਰਕ ਮੈਂਬਰ ਉਸ ਨੂੰ ਪੁੱਛਦੇ ਨਹੀਂ ਹਨ ਤੇ ਪਟਨਾ ਸਾਹਿਬ ਵਿਚ ਉਸ ਦੀ ਜ਼ਮੀਨ ਵੀ ਹੈ। ਬਲਦੇਵ ਸਿੰਘ ਤੇ ਲਖਵਿੰਦਰ ਸਿੰਘ ਲੱਖੀ ਨੇ ਆਪਣੇ ’ਤੇ ਲਗਾਏ ਗਏ ਦੋਸ਼ਾਂ ਨੂੰ ਗਲਤ ਦੱਸਿਆ। ਅਮਨਦੀਪ ਸਿੰਘ ਦੇ ਲੜਕੇ ਗੁਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਸਰਪੰਚ ਨੇ ਆਪਣੇ ਸਾਥੀਆਂ ਸਮੇਤ ਕਬਜ਼ੇ ਵਿੱਚ ਕੀਤਾ ਹੋਇਆ ਹੈ ਤੇ ਉਸ ਨੂੰ ਰੋਜ਼ਾਨਾ ਸ਼ਰਾਬ ਪਿਲਾ ਕੇ ਝੂਠੀ ਬਿਆਨਬਾਜ਼ੀ ਕਰਵਾ ਰਹੇ ਹਨ। ਊਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿਤਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ।