ਪੱਤਰ ਪ੍ਰੇਰਕ
ਸਮਾਣਾ, 18 ਸਤੰਬਰ
ਪਤੀ ਨਾਲ ਝਗੜਾ ਕਰ ਕੇ ਬੱਚਿਆਂ ਨੂੰ ਸਹੁਰੇ ਛੱਡ ਕੇ ਪੇਕੇ ਆਈ ਔਰਤ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਛੁਪਾ ਕੇ ਰੱਖਣ ਦੇ ਮਾਮਲੇ ਵਿਚ ਸਦਰ ਪੁਲੀਸ ਨੇ ਅਮਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਸਦਰ ਪੁਲੀਸ ਥਾਣਾ ਮੁਖੀ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਸਦਰ ਪੁਲੀਸ ਨੂੰ ਪੀੜਤਾ ਦੇ ਭਰਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਭੈਣ ਆਪਣੇ ਪਤੀ ਨਾਲ ਝਗੜਾ ਕਰ ਕੇ ਦੋਵੇਂ ਬੱਚਿਆਂ ਨੂੰ ਸਹੁਰੇ ਛੱਡ ਕੇ ਪੇਕੇ ਆ ਗਈ ਸੀ। ਚਾਰ ਮਹੀਨੇ ਤੋਂ ਉਸ ਕੋਲ ਹੀ ਰਹਿ ਰਹੀ ਸੀ। 13-14 ਸਤੰਬਰ ਦੀ ਅੱਧੀ ਰਾਤ ਨੂੰ ਅਚਾਨਕ ਉਹ ਬਿਨਾਂ ਦੱਸੇ ਘਰ ਤੋਂ ਚਲੀ ਗਈ। ਕਾਫ਼ੀ ਭਾਲ ਉਪਰੰਤ ਪਤਾ ਲੱਗਿਆ ਕਿ ਮੁਲਜ਼ਮ ਨੇ ਉਸ ਦੀ ਭੈਣ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਆਪਣੀ ਹਿਰਾਸਤ ਵਿਚ ਰੱਖਿਆ ਹੋਇਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੇ ਘਰ ਛਾਪਾ ਮਾਰਿਆ, ਪਰ ਘਰ ਤੋਂ ਫ਼ਰਾਰ ਸੀ।