ਪੱਤਰ ਪ੍ਰੇਰਕ
ਘਨੌਰ, 25 ਸਤੰਬਰ
ਆਪਣੇ ਪਤੀ ਨੂੰ ਕੇਨੈਡਾ ਨਾ ਬੁਲਾਉਣ ਦੇ ਦੋਸ਼ ਹੇਠ ਘਨੌਰ ਪੁਲੀਸ ਨੇ ਵਿਆਹੁਤਾ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਲੱਖਾਂ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਥਾਣਾ ਘਨੌਰ ਦੇ ਮੁੱਖੀ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਪਿੰਡ ਸਰਾਲਾ ਖੁਰਦ ਹਾਲ ਵਾਸੀ ਵਾਰਡ ਨੰਬਰ 2 ਘਨੌਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਦਸੰਬਰ 2018 ਵਿੱਚ ਉਸ ਦਾ ਵਿਆਹ ਅਕਵਿੰਦਰ ਕੌਰ ਵਾਸੀ ਜਨੇਤਪੁਰ ਜ਼ਿਲ੍ਹਾ ਮੁਹਾਲੀ ਨਾਲ ਹੋਇਆ ਸੀ। ਅਕਵਿੰਦਰ ਕੌਰ ਨੇ ਵਿਦੇਸ਼ ਜਾਣ ਲਈ ਮੁੱਦਈ ਕੋਲੋਂ 16 ਲੱਖ ਰੁਪਏ ਲੈ ਲਏ ਪ੍ਰੰਤੂ ਬਾਅਦ ਵਿੱਚ ਮੁੱਦਈ ਨੂੰ ਆਪਣੇ ਕੋਲ ਕੈਨੇਡਾ ਨਹੀਂ ਬੁਲਾਇਆ ਅਤੇ ਕੇਵਲ 11 ਲੱਖ ਰੁਪਏ ਹੀ ਵਾਪਿਸ ਕੀਤੇ। ਬਾਕੀ ਦੇ 5 ਲੱਖ ਰੁਪਏ ਨਾ ਹੀ ਮੋੜੇ ਅਤੇ ਨਾ ਹੀ ਤਲਾਕ ਦਿੱਤਾ। ਪੁਲੀਸ ਅਧਿਕਾਰੀ ਅਨੁਸਾਰ ਵਿਚੋਲੇ ਗੁਰਮੀਤ ਸਿੰਘ ਨੇ ਪੈਸੇ ਵਾਪਸ ਕਰਵਾਉਣ ਦੀ ਜ਼ਿੰਮੇਵਾਰੀ ਲੈ ਕੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ ਪਰ ਸ਼ਿਕਾਇਤਕਰਤਾ ਨੂੰ ਬਾਕੀ ਪੈਸੇ ਵਾਪਸ ਨਹੀਂ ਕੀਤੇ ਗਏ।
ਪੁਲੀਸ ਨੇ ਗੁਰਪ੍ਰੀਤ ਸਿੰਘ ਵੱਲੋਂ ਅਪਰੈਲ ਵਿੱਚ ਕੀਤੀ ਗਈ ਸ਼ਿਕਾਇਤ ਦੀ ਜਾਂਚ ਮਗਰੋਂ ਅਕਵਿੰਦਰ ਕੌਰ, ਅਮਰਜੀਤ ਕੌਰ, ਮਨਜੀਤ ਸਿੰਘ ਵਾਸੀਆਨ ਪਿੰਡ ਜਨੇਤਪੁਰ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਸਰਾਲਾਂ ਖੁਰਦ ਖ਼ਿਲਾਫ਼ ਧੋਖਾਧੜੀ ਸਮੇਤ ਹੋਰਨਾਂ ਧਰਾਵਾਂ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।