ਨਿੱਜੀ ਪੱਤਰ ਪ੍ਰੇਰਕ
ਨਾਭਾ, 9 ਅਕਤੂਬਰ
ਇੱਥੋਂ ਨੇੜਲੇ ਪਿੰਡ ਰੋਹਟਾ ਦੇ ਵਸਨੀਕ ਇੱਕ 14 ਸਾਲਾ ਬੱਚੇ ਨੂੰ ਕਥਿਤ ਤੌਰ ’ਤੇ ਚਿੱਟੇ ਦਾ ਨਸ਼ਾ ਕਰਾਉਣ ਵਾਲੇ ਪਰਮਵੀਰ ਸਿੰਘ (26) ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਅਪਰਾਧ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਪੀੜਤ ਬੱਚਾ ਕੁਝ ਦਿਨ ਪਹਿਲਾਂ ਨਹਿਰ ਕੋਲ ਬੇਹੋਸ਼ ਮਿਲਿਆ ਤੇ ਹੋਸ਼ ’ਚ ਆਉਣ ਮਗਰੋਂ ਪੁੱਛਗਿੱਛ ਦੌਰਾਨ ਉਸਨੇ ਗੁਆਂਢੀ ਪਿੰਡ ਦੇ ਪਰਮਵੀਰ ਦਾ ਨਾਮ ਲੈ ਕੇ ਦੱਸਿਆ ਕਿ ਉਹ ਉਸਨੂੰ ਨਸ਼ੇ ਦੇ ਟੀਕੇ ਲਾਉਂਦਾ ਸੀ ਤੇ ਹੁਣ ਪੈਸੇ ਲੈ ਕੇ ਨਸ਼ਾ ਮੁਹਈਆ ਕਰਾਉਂਦਾ ਹੈ।
ਬੱਚੇ ਦੇ ਚਾਚੇ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੀੜਤ ਦੇ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਜਾਣ ਪਛਾਣ ਦਾ ਲਾਹਾ ਲੈ ਕੇ ਪਰਮਵੀਰ ਬੱਚੇ ਨੂੰ ਕਈ ਵਾਰੀ ਸਕੂਲੋਂ ਲੈ ਆਉਂਦਾ ਰਿਹਾ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਉਸਨੇ ਬੱਚੇ ਨੂੰ ਇਸ ਰਾਹ ਪਾ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਪਰਮਵੀਰ ਨਾਲ ਇਸ ਬਾਬਤ ਗੱਲ ਕੀਤੀ ਤਾਂ ਉਸਨੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ। ਇਸ ਪਿੱਛੋਂ ਪਰਿਵਾਰ ਨੇ ਮਾਮਲਾ ਪੁਲੀਸ ਦੇ ਧਿਆਨ ’ਚ ਲਿਆਂਦਾ ਤਾਂ ਪੁਲੀਸ ਨੇ ਪੜਤਾਲ ਮਗਰੋਂ ਪਰਮਵੀਰ ਖਿਲਾਫ਼ ਕੇਸ ਦਰਜ ਕਰ ਕੇ ਉਸਦੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜੋ ਇਸ ਸਮੇਂ ਘਰੋਂ ਫ਼ਰਾਰ ਦੱਸਿਆ ਜਾਂਦਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਨਸ਼ੇ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਬੱਚਾ ਘਰੋਂ ਸਾਮਾਨ ਵੀ ਵੇਚਣ ਲੱਗ ਗਿਆ ਸੀ।