ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੂਨ
ਇੱਥੇ ਪੁਲੀਸ ਲਾਈਨ ਵਿਚਲੇ ਕੁਆਰਟਰਾਂ ’ਚ ਕੱਲ੍ਹ ਆਪਣੀ 40 ਸਾਲਾ ਪਤਨੀ ਸੁਮਨ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਵਾਲ਼ੇ ਥਾਣੇਦਾਰ ਦਵਿੰਦਰ ਸਿੰਘ ਖਿਲਾਫ਼ ਸਥਾਨਕ ਪੁਲੀਸ ਵੱਲੋਂ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਇਸ ਦੀ ਪੁਸ਼ਟੀ ਕਰਦਿਆਂ ਇਲਾਕੇ ਦੇ ਡੀਐੱਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਥਾਣਾ ਤ੍ਰਿਪੜੀ ਵਿੱਚ ਇਹ ਕੇਸ ਧਾਰਾ 302 (ਕਤਲ ਕਰਨਾ) ਅਤੇ 309 (ਖੁਦਕੁਸ਼ੀ ਦੀ ਕੋਸ਼ਿਸ਼) ਤਹਿਤ ਦਰਜ ਕੀਤਾ ਗਿਆ ਹੈ। ਯਾਦ ਰਹੇ ਕਿ ਪਤੀ ਪਤਨੀ ਦਰਮਿਆਨ ਹੋਏ ਝਗੜੇ ਦੌਰਾਨ 26 ਜੂਨ ਨੂੰ ਦਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਗੋਲ਼ੀ ਮਾਰ ਦਿੱਤੀ ਸੀ, ਜੋ ਉਸ ਦੇ ਦਿਲ ’ਚ ਧਸ ਗਈ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਮਗਰੋਂ ਉਸ ਨੇ ਆਪਣੀ ਵੀ ਪੁੜਪੁੜੀ ’ਚ ਗੋਲੀ ਮਾਰ ਲਈ ਸੀ। ਇਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉੱਥੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਫੋਰਟਿਸ ਹਸਪਤਾਲ ਮੁਹਾਲੀ ’ਚ ਲੈ ਗਏ, ਜਿੱਥੇ ਉਹ ਅੱਜ ਦੂਜੇ ਦਿਨ ਵੀ ਜ਼ਿੰਦਗੀ ਅਤੇ ਮੌਤ ਦਰਮਿਆਨ ਲੜਾਈ ਲੜ ਰਿਹਾ ਹੈ ਕਿਉਂਕਿ ਉਸ ਦੀ ਹਾਲਤ ਅਤਿ ਗੰਭੀਰ ਬਣੀ ਹੋਈ ਹੈ। ਉੱਧਰ ਉਸ ਦੀ ਪਤਨੀ ਸੁਮਨ ਦੀ ਲਾਸ਼ ਦਾ ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਪੋਸਟਮਾਰਟਮ ਕਰਨ ਮਗਰੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਇਹ ਪਰਿਵਾਰ ਹਰਿਆਣਾ ਦਾ ਰਹਿਣ ਵਾਲ਼ਾ ਹੈ ਪਰ ਪਤੀ ਪਤਨੀ ਦਰਮਿਆਨ ਕਲ਼ੇਸ਼ ਰਹਿਣ ਕਰਕੇ ਇਨ੍ਹਾਂ ਦੇ ਦੋਵੇਂ ਬੱਚੇ ਹਰਿਆਣਾ ’ਚ ਆਪਣੇ ਦਾਦੇ ਕੋਲ਼ ਹੀ ਰਹਿੰਦੇ ਹਨ।