ਖੇਤਰੀ ਪ੍ਰਤੀਨਿਧ
ਪਟਿਆਲਾ, 31 ਅਕਤੂਬਰ
ਨੌਜਵਾਨ ਸਭਾ ਖਾਨਪੁਰ ਗੰਡਿਆਂ ਨੇ ‘ਜਾਗਦੇ ਰਹੋ ਯੂਥ ਕਲੱਬ ਬਿਸ਼ਨਗੜ੍ਹ’ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦਾ ਰਸਮੀਂ ਉਦਘਾਟਨ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਅਤੇ ਯੂਥ ਪ੍ਰਧਾਨ ਗੁਰਜੀਤ ਸਿੰਘ ਜੀਤਾ ਨੇ ਖੁਦ ਖੂਨਦਾਨ ਕਰ ਕੇ ਕੀਤਾ। ਦਵਿੰਦਰ ਸਿੰਘ ਬਿੱਲੇ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ’ਚ 53 ਯੂਨਿਟ ਖੂਨਦਾਨ ਕੀਤਾ ਗਿਆ। ਇਸ ’ਚ ਘਨੌਰ ਦੇ ‘ਆਪ’ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਅਮਰ ਮਲਟੀਸਪੈਸ਼ਲਿਟੀ ਹਸਪਤਾਲ ਸਨੌਰ ਵੱਲੋਂ ਡਾ. ਅਮਰ ਮੋਰਿਆ ਦੀ ਦੇਖ-ਰੇਖ ਹੇਠ 200 ਲੋੜਵੰਦ ਮਰੀਜ਼ਾਂ ਦਾ ਮੁਫਤ ਚੈੱਕਅਪ ਕਰ ਕੇ ਲੋੜਵੰਦਾਂ ਨੂੰ ਦਵਾਈਆਂ ਵੀ ਵੰਡੀਆਂ ਗਈਆਂ। ਹਾਂਡਾ ਆਈ ਕੇਅਰ ਸੈਂਟਰ ਵੱਲੋਂ ਡਾ. ਅਭਿਸ਼ੇਕ ਹਾਡਾਂ ਦੀ ਦੇਖਰੇਖ ਹੇਠ 100 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ 25 ਮਰੀਜ਼ਾਂ ਦੀਆਂ ਅੱਖਾਂ ਦੇ ਲੈਂਜ਼ ਪਾਉਣ ਲਈ ਚੋਣ ਕੀਤੀ ਗਈ। ਲਖਵਿੰਦਰ ਸਿੰਘ ਲੱਖਾ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ, ਜਿਹੜਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਦਾਨ ਕਰਨਾ ਚਾਹੀਦਾ ਹੈ। ਖੂਨ ਨੂੰ ਕਦੇ ਵੀ ਬਨਾਉਟੀ ਢੰਗ ਨਾਲ ਤਿਆਰ ਨਹੀ ਕੀਤਾ ਜਾ ਸਕਦਾ, ਇਹ ਸਿਰਫ ਮਨੁੱਖੀ ਸਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।
ਐੱਸਐੱਸ ਜੈਨ ਸਭਾ ਵੱਲੋਂ ਖੂਨਦਾਨ ਕੈਂਪ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਐੱਸਐੱਸ ਜੈਨ ਸਭਾ ਲਹਿਰਾਗਾਗਾ ਵੱਲੋਂ ਦੂਜਾ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਬਲੱਡ ਬੈਂਕ ਸੰਗਰੂਰ ਦੇ ਇੰਚਾਰਜ ਰਾਮਫਲ ਸਿੰਘ ,ਤੇ ਸ਼ਬਨਮ ਦੀ ਅਗਵਾਈ ’ਚ 70 ਯੂਨਿਟ ਖੂਨ ਦਾਨ ਲਏ। ਸਭਾ ਦੇ ਪ੍ਰਧਾਨ ਪ੍ਰਿੰਸੀਪਲ ਹੰਸ ਰਾਜ ਤੇ ਸੈਕਟਰੀ ਪੁਨੀਤ ਜੈਨ, ਧਰਮ ਪਾਲ ਜੈਨ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਖੂਨਦਾਨੀਆਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਖੂਨ ਦਾਨ ਸੱਭ ਤੋਂ ਉਤਮ ਦਾਨ ਹੈ।