ਖੇਤਰੀ ਪ੍ਰਤੀਨਿਧ
ਪਟਿਆਲਾ, 7 ਅਕਤੂਬਰ
ਇਥੇ ਗੁਰਦੁਆਰਾ ਸਿੰਘ ਸਭਾ ਮਾਲ ਰੋਡ ’ਤੇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਵੱਲੋਂ ਸਜਾਏ ਗਏ 6 ਰੋਜ਼ਾ ਧਾਰਮਿਕ ਕੀਰਤਨ ਦੀਵਾਨ ਬੀਤੀ ਰਾਤ ਸਮਾਪਤ ਹੋ ਗਏ, ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਮੋਦੀ ਕਾਲਜ ਨੇੜਲੇ ਗੁਰਦੁਆਰਾ ਐੱਮਈਐੱਸ ਦੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਧਾਰਮਿਕ ਸਮਾਗਮ ਦੌਰਾਨ ਸੰਤ ਬਲਜਿੰਦਰ ਸਿੰਘ ਨੇ ਸਿੱਖ ਕੌਮ ਨੂੰ ਫੁੱਟ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਿੱਖ ਇਤਿਹਾਸ ਅਤੇ ਗੁਰਬਾਣੀ ਵਿੱਚੋਂ ਹਵਾਲੇ ਦੇ ਕੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲੜ ਲੱਗਣ ਦਾ ਸੁਨੇਹਾ ਦਿੱਤਾ। ਸਮਾਗਮ ਵਿੱਚ ਰਾੜਾ ਸਾਹਿਬ ਦੇ ਸਕੱਤਰ ਰਣਧੀਰ ਸਿੰਘ ਢੀਂਡਸਾ, ਗੁਰਦੁਆਰਾ ਸਿੰਘ ਸਭਾ ਮਾਲ ਰੋਡ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਬਾਬੂ ਸਿੰਘ ਗੁਰਮ, ਜਨਰਲ ਸਕੱਤਰ ਬਲਜਿੰਦਰ ਸਿੰਘ ਦਿਵਾਨ, ਬਲਜਿੰਦਰ ਸਿੰਘ ਬੇਦੀ, ਇੰਦਰਮੋਹਨ ਸਿੰਘ ਬਜਾਜ, ਇੰਦਰਜੀਤ ਸਿੰਘ, ਏ.ਆਈ.ਜੀ ਗੁਰਦੀਪ ਸਿੰਘ, ਬਲਰਾਜਇੰਦਰ ਸਿੰਘ ਗਰੇਵਾਲ, ਖ਼ਜ਼ਾਨਚੀ ਭਜਨ ਉਬਰਾਏ, ਕਰਮਜੀਤ ਸਿੰਘ ਕੋਛੜ, ਨਿਸ਼ਕਾਮ ਸੇਵਾ ਸੁਸਾਇਟੀ ਗੁਰਦੁਆਰਾ ਐੱਮਈਐੱਸ ਕਮੇਟੀ ਵੱਲੋਂ ਡਾ. ਦਰਸ਼ਨ ਸਿੰਘ ਘੁੰਮਣ ਆਦਿ ਹਾਜ਼ਰ ਸਨ।