ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਜੂਨ
ਸਰਹਿੰਦ ਰੋਡ ’ਤੇ ਸਥਿਤ ਪਿੰਡ ਝਿੱਲ ’ਚ ਜਿਥੇ ਇੱਕ ਦਿਨ ਪਹਿਲਾਂ ਹੀ ਫੈਲੇ ਪੇਚਸ਼ ਕਾਰਨ 140 ਵਿਅਕਤੀ ਬਿਮਾਰ ਹੋ ਗਏ ਸਨ, ਉੱਥੇ ਹੀ ਅੱਜ 94 ਹੋਰ ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਇਨ੍ਹਾਂ ਮਰੀਜ਼ਾਂ ਦੀ ਕੁੱਲ ਗਿਣਤੀ 374 ਹੋ ਗਈ ਹੈ। ਦੋ ਦਿਨਾਂ ’ਚ ਹਸਪਤਾਲ ਦਾਖਲ ਕਰਵਾਏ ਗਏ 32 ਵਿੱਚੋਂ ਠੀਕ ਹੋਏ 11 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਮੇਅਰ ਸੰਜੀਵ ਬਿੱਟੂ ਤੇ ਸਿਵਲ ਸਰਜਨ ਡਾ.ਰਾਜੂ ਧੀਰ ਵੱਲੋਂ ਅੱਜ ਫੇਰ ਵੱਖ ਵੱਖ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਮਹਾਮਾਰੀ ਰੋਕੂ ਮਾਹਰ ਡਾ. ਸੁਮੀਤ ਸਿੰਘ, ਆਈਡੀਐਸਪੀ ਬਰਾਂਚ ਤੋਂ ਦਿਲਜੋਤ ਸਿੰਘ, ਕੌਲੀ ਦੇ ਐੱਸਐੱਮਓ ਡਾ. ਰੰਜਨਾ ਸ਼ਰਮਾ ਸਮੇਤ ਸਿਹਤ ਵਿਭਾਗ ਦੇ ਹੋਰਨਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ।
ਡਾ. ਸੁਮੀਤ ਸਿੰਘ ਦਾ ਕਹਿਣਾ ਸੀ ਕਿ ਕੱਲ੍ਹ ਘਰਾਂ ਵਿੱਚੋਂ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ ਸਨ, ਅੱਜ ਸਪਲਾਈ ਲਾਈਨ ਅਤੇ ਟੈਂਕੀਆਂ ਵਿੱਚੋਂ ਸੈਂਪਲ ਲਏ ਗਏ ਹਨ। ਦਸਤਾਂ ਦੇ ਵੀ ਸੈਂਪਲ ਲਏ ਗਏ ਸਨ। ਖਰੜ ਲੈਬ ਵਿੱਚ ਭੇਜੇ ਇਨ੍ਹਾਂ ਸੈਂਪਲਾਂ ਦੀ ਰਿਪੋਰਟ ਸ਼ੁੱਕਰਵਾਰ ਨੂੰ ਮਿਲੇਗੀ ਜਿਸ ਤੋਂ ਹੀ ਹੈਜ਼ਾ ਫੈਲਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਇਹ ਖੇਤਰ ਦੇ ਕਈ ਪਰਿਵਾਰ ਝੁੱਗੀਆਂ ਝੌਪੜੀਆਂ ’ਚ ਵੀ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਪੀੜਤ ਕੁਝ ਕੁ ਪਰਿਵਾਰਾਂ ਦੇ ਹੋਰ ਥਾਵਾਂ ’ਤੇ ਰਹਿਣ ਦੇ ਪ੍ਰਬੰਧ ਵੀ ਕੀਤੇ ਗਏ ਹਨ। ਉਨ੍ਹਾਂ ਨੇ ਅੱਜ 94 ਹੋਰ ਨਵੇਂ ਮਰੀਜ਼ ਆਉਣ ਦੀ ਪੁਸ਼ਟੀ ਕੀਤੀ ਹੈ।
ਪਾਣੀ ਦੇ 37 ਸੈਂਪਲ ਭਰੇ
ਨਿਗਮ ਕਮਿਸ਼ਨਰ ਆਦਿੱਤਿਆ ਉਪਲ ਦਾ ਕਹਿਣਾ ਸੀ ਕਿ ਪਾਣੀ ਦੀ ਸ਼ੁੱਧਤਾ ਨੂੰ ਵਧਾਉਣ ਲਈ 170 ਟਿਊਬਵੈੱਲਾਂ ’ਤੇ ਕਲੋਰੀਨ ਯੂਨਿਟ ਲਗਾਏ ਗਏ ਹਨ। ਮੌਜੂਦਾ ਸਮੇਂ ਸਾਰੇ ਟਿਊਬਵੈੱਲਾਂ ’ਤੇ ਮਿਆਰੀ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਐਕਸੀਅਨ ਕੁਲਜਿੰਦਰ ਸਿੰਘ ਨੂੰ ਓ.ਐਂਡ.ਐੱਮ.ਪਟਿਆਲਾ ਦਿਹਾਤੀ ਅਤੇ ਐਕਸੀਅਨ ਰਜਿੰਦਰ ਕੁਮਾਰ ਨੂੰ ਪਟਿਆਲਾ ਸ਼ਹਿਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੋਵੇਂ ਐਕਸੀਅਨਾ ਦੀ ਨਿਗਰਾਨੀ ਹੇਠਾਂ ਇਨ੍ਹਾਂ ਦੀ ਅਗਵਾਈ ਹੇਠਲੀਆਂ ਟੀਮਾਂ ਨੇ ਸੰਭਾਵਿਤ ਖੇਤਰਾਂ ’ਚੋਂ ਪਾਣੀ ਦੇ 37 ਸੈਂਪਲ ਭਰ ਕੇ ਜਾਂਚ ਲਈ ਭੇਜੇ। ਪਾਣੀ ਦੇ 37 ਸੈਂਪਲ ਲਏ ਗਏ।