ਪੱਤਰ ਪ੍ਰੇਰਕ
ਪਟਿਆਲਾ, 30 ਅਗਸਤ
ਇਥੇ ਸਥਿਤ ਵਿਰਾਸਤੀ ਰਾਜਿੰਦਰਾ ਝੀਲ ’ਤੇ ਪੰਜਾਬ ਸਰਕਾਰ ਵੱਲੋਂ ਖਰਚੇ 9 ਕਰੋੜ ਰੁਪਏ ਮਿੱਟੀ ਹੋ ਗਏ ਹਨ। ਅੱਜ ਕੱਲ੍ਹ ਇਸ ਝੀਲ ਵਿੱਚ ਗੰਦਗੀ ਦੀ ਭਰਮਾਰ ਹੈ। ਯੋਜਨਾ ਮੁਤਾਬਕ ਝੀਲ ਵਿੱਚ ਫੁਹਾਰੇ ਚੱਲਣੇ ਸਨ, ਇੱਥੇ ਲਾਈਟਾਂ ਨਾਲ ਰਾਤਾਂ ਰੰਗ ਬਰੰਗੀਆਂ ਹੋਣੀਆਂ ਸਨ, ਕਿਸ਼ਤੀਆਂ ਵਿੱਚ ਪਟਿਆਲਵੀਆਂ ਅਤੇ ਸੈਲਾਨੀਆਂ ਨੇ ਅਨੰਦ ਮਾਨਣਾ ਸੀ। ਸਰਕਾਰਾਂ ਇਹ ਵਾਅਦੇ ਕਰਦੀਆਂ ਰਹੀਆਂ ਹਨ ਪਰ ਵਾਅਦੇ ਪੂਰੇ ਹੋਣੇ ਤਾਂ ਦੂਰ ਸਗੋਂ ਸਬੰਧਤ ਅਧਿਕਾਰੀ ਵੀ ਪੱਲਾ ਛੁਡਾ ਰਹੇ ਹਨ।
ਪੀਡਬਲਿਊਡੀ ਦੇ ਅਧਿਕਾਰੀ ਕਹਿੰਦੇ ਹਨ ਕਿ ਉਨ੍ਹਾਂ ਦਾ ਕੰਮ ਆਲੇ-ਦੁਆਲੇ ਪੱਥਰ ਲਗਾ ਕੇ ਰਸਤਾ ਬਣਾਉਣਾ ਸੀ, ਕੰਧ ਦੀ ਉਸਾਰੀ ਕਰਨਾ ਸੀ ਤੇ ਫੁਹਾਰੇ ਲਗਾਉਣਾ ਸੀ। ਉਨ੍ਹਾਂ ਨੇ ਇਹ ਕੰਮ ਪੂਰੇ ਕਰ ਦਿੱਤੇ ਹਨ। ਹੁਣ ਫੁਆਰੇ ਤਾਂ ਚੱਲੇ ਹੀ ਨਹੀਂ ਤੇ ਇਸ ਬਾਰੇ ਉਹ ਕਹਿੰਦੇ ਹਨ ਕਿ ਇਹ ਜ਼ਿੰਮੇਵਾਰੀ ਸਾਡੀ ਨਹੀਂ ਹੈ। ਸਿੰਚਾਈ ਵਿਭਾਗ ਨੇ ਕਿਹਾ ਕਿ ਸਾਡਾ ਕੰਮ ਝੀਲ ਵਿੱਚ ਪਾਣੀ ਛੱਡਣਾ ਸੀ। ਅਸੀਂ ਪਾਣੀ ਪੂਰਾ ਛੱਡਿਆ ਹੋਇਆ ਹੈ। ਝੀਲ ਵਿਚ ਕਬਾੜ ਜੰਮਿਆ ਹੋਣ ਕਰਕੇ ਇੱਥੇ ਫੁਹਾਰੇ ਨਹੀਂ ਚੱਲ ਸਕਦੇ ਨਾ ਹੀ ਝੀਲ ਅੰਦਰ ਕਿਸ਼ਤੀਆਂ ਚਲਾਈਆਂ ਜਾ ਸਕਦੀਆਂ ਹਨ। ਇਹ ਕੰਮ ਸਾਡਾ ਨਹੀਂ ਹੈ। ਝੀਲ ਦੀ ਸਫ਼ਾਈ ਕਰਨਾ ਨਗਰ ਨਿਗਮ ਦਾ ਕੰਮ ਹੈ। ਨਗਰ ਨਿਗਮ ਨੇ ਕਿਹਾ ਕਿ ਅਸੀਂ ਬਾਹਰਲੇ ਰਸਤਿਆਂ ਦੀ ਸਾਫ਼ ਸਫ਼ਾਈ ਕਰਵਾ ਦਿੱਤੀ ਹੈ ਪਰ ਪਾਣੀ ਪਾਉਣਾ, ਫੁਆਰੇ ਚਲਾਉਣਾ ਤੇ ਝੀਲ ਦੀ ਅੰਦਰੋਂ ਸਫ਼ਾਈ ਕਰਾਉਣਾ ਸਾਡਾ ਕੰਮ ਨਹੀਂ ਹੈ। ਇਹ ਕੰਮ ਪੀਡਬਲਿਊਡੀ ਤੇ ਸਿੰਚਾਈ ਵਿਭਾਗ ਦਾ ਹੈ। ਲਿਹਾਜ਼ਾ ਵਿਰਾਸਤੀ ਰਾਜਿੰਦਰਾ ਝੀਲ ਬਾਰੇ ਕੋਈ ਅਧਿਕਾਰੀ ਗੰਭੀਰ ਨਹੀਂ ਹੈ।
ਅੰਮ੍ਰਿਤ ਸਕੀਮ ਤਹਿਤ ਝੀਲ ਨੂੰ ਸੰਵਾਰਿਆ ਜਾਏਗਾ: ਨਿਗਮ ਕਮਿਸ਼ਨਰ
ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨੇ ਕਿਹਾ ਹੈ ਕਿ ਰਾਜਿੰਦਰਾ ਝੀਲ ਨੂੰ ਅਸੀਂ ਅੰਮ੍ਰਿਤ ਸਕੀਮ ਤਹਿਤ ਸੰਵਾਰਨ ਦੀ ਤਿਆਰੀ ਕਰ ਰਹੇ ਹਾਂ। ਇਸ ਸਬੰਧੀ ਪ੍ਰਪੋਜਲ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਹੈ। ਇਸੇ ਦੌਰਾਨ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਇਹ ਗੱਲ ਸੱਚ ਹੈ ਕਿ ਕੋਈ ਵੀ ਅਧਿਕਾਰੀ ਆਪਣੀ ਜ਼ਿੰਮੇਵਾਰੀ ਕਬੂਲਣ ਲਈ ਤਿਆਰ ਨਹੀਂ ਹੈ। ਇਸੇ ਕਰਕੇ ਰਾਜਿੰਦਰਾ ਝੀਲ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਇਸ ਝੀਲ ਨੂੰ ਸੁੰਦਰ ਵੀ ਬਣਾ ਰਹੇ ਹਾਂ ਤੇ ਇਸ ਵਿਚ ਪਹਿਲਾਂ ਖ਼ਰਚੇ ਗਏ ਫੰਡਾਂ ਦੀ ਜਾਂਚ ਵੀ ਕਰਵਾ ਰਹੇ ਹਾਂ।