ਗੁਰਨਾਮ ਸਿੰਘ ਚੌਹਾਨ
ਪਾਤੜਾਂ, 18 ਅਕਤੂਬਰ
ਪਾਤੜਾਂ ਪੁਲੀਸ ਨੇ ਵੱਖ ਵੱਖ ਮਾਮਲਿਆਂ ਵਿੱਚ ਉੱਤਰ ਪ੍ਰਦੇਸ਼ ਦਾ 730 ਕੁਇੰਟਲ ਝੋਨਾ ਬਰਾਮਦ ਕਰ ਕੇ ਤਿੰਨ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਡੀਐੱਸਪੀ ਪਾਤੜਾਂ ਭਰਪੂਰ ਸਿੰਘ ਨੇ ਦੱਸਿਆ ਕਿ ਚੀਕਾ (ਹਰਿਆਣਾ) ਨਾਲ ਸਬੰਧਤ ਇੱਕ ਵਿਅਕਤੀ ਵੱਲੋਂ ਉੱਤਰ ਪ੍ਰਦੇਸ਼ ਤੋਂ ਝੋਨਾ ਲਿਆ ਕੇ ਆਪਣੇ ਸ਼ੈਲਰ ਵਿੱਚ ਡੰਪ ਕਰ ਕੇ ਵੱਧ ਮੁਨਾਫ਼ਾ ਲੈਣ ਲਈ ਉਸ ਨੂੰ ਕੈਂਟਰਾਂ ਤੇ ਟਰਾਲੀਆਂ ਰਾਹੀਂ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਿਆ ਜਾਂਦਾ ਸੀ। ਉਸ ਵੱਲੋਂ ਪਾਤੜਾਂ ਦੇ ਇੱਕ ਆੜ੍ਹਤੀ ਵੀ.ਕੇ. ਟਰੇਡਿੰਗ ਕੰਪਨੀ ਕੋਲ ਦੋ ਕੈਂਟਰ ਅਤੇ ਇੱਕ ਟਰਾਲੀ ਝੋਨੇ ਦੀ ਭਰ ਕੇ ਵੇਚਣ ਲਈ ਭੇਜੀ ਗਈ ਸੀ। ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲੀਸ ਨੇ ੳੱਤਰ ਪ੍ਰਦੇਸ਼ ਦੇ ਝੋਨੇ ਨਾਲ ਭਰੇ ਉਕਤ ਤਿੰਨੋਂ ਵਾਹਨ ਕਬਜ਼ੇ ’ਚ ਲੈ ਕੇ ਡਰਾਈਵਰ ਜਰਨੈਲ ਸਿੰਘ ਵਾਸੀ ਚਾਣਚੱਕ, ਥਾਣਾ ਗੂਹਲਾ ਜ਼ਿਲ੍ਹਾ ਕੈਥਲ (ਹਰਿਆਣਾ), ਜਸਪਾਲ ਸਿੰਘ ਵਾਸੀ ਹਰੀਗੜ੍ਹ ਕਿੰਗਨ, ਥਾਣਾ ਚੀਕਾ ਅਤੇ ਬੰਟੀ ਵਾਸੀ ਇਸਾਖ, ਥਾਣਾ ਪਿਹੋਵਾ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਕਤ ਤਿੰਨੋਂ ਡਰਾਈਵਰਾਂ ਸਮੇਤ ਚੀਕਾ ਦੇ ਆੜ੍ਹਤੀ ਛਬੀਲਾ ਤੇ ਪਾਤੜਾਂ ਵਾਸੀ ਸ਼ਾਮ ਲਾਲ ਦੇਧਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਤਿੰਨੋਂ ਵਾਹਨਾਂ ਵਿੱਚੋਂ ਕਰੀਬ 380 ਕੁਇੰਟਲ ਝੋਨਾ ਬਰਾਮਦ ਹੋਇਆ ਹੈ।
ਇੱਕ ਵੱਖਰੇ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਕਿਸਾਨ ਯੂਨੀਅਨ ਵੱਲੋਂ ਝੋਨੇ ਦਾ ਭਰਿਆ ਟਰੱਕ ਕਾਬੂ ਕਰ ਕੇ ਮਾਰਕੀਟ ਕਮੇਟੀ ਪਾਤੜਾਂ ਦੇ ਹਵਾਲੇ ਕੀਤਾ ਗਿਆ ਸੀ, ਜਿਸ ਦੀ ਮੁੱਢਲੀ ਪੜਤਾਲ ਕਰਨ ਤੋਂ ਪਤਾ ਲੱਗਿਆ ਹੈ ਕਿ ਗੁਰੂ ਨਾਨਕ ਟਰੇਡਰਜ਼, ਭਵਾਨੀਗੜ੍ਹ ਰੋਡ ਸਮਾਣਾ ਅਤੇ ਜੈ ਭਗਵਤੀ ਰਾਈਸ ਮਿੱਲ ਘੱਗਾ ਦੇ ਮਾਲਕਾਂ ਵੱਲੋਂ ਜਾਅਲੀ ਬਿੱਲ ਤਿਆਰ ਕਰ ਕੇ ਵੱਧ ਮੁਨਾਫਾ ਲੈਣ ਦੇ ਚੱਕਰ ਵਿੱਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਇਲਾਕੇ ਤੋਂ ਝੋਨਾ ਪੰਜਾਬ ਲਿਆਂਦਾ ਜਾ ਰਿਹਾ ਸੀ। ਇਸ ਮਾਮਲੇ ਵਿੱਚ ਵੀ ਧਰਮਿੰਦਰ ਸਿੰਘ ਵਾਸੀ ਸਮਾਣਾ ਅਤੇ ਤਰਸੇਮ ਲਾਲ ਵਾਸੀ ਘੱਗਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਥਾਣਾ ਪਾਤੜਾਂ ਦੇ ਮੁਖੀ ਇੰਸਪੈਕਟਰ ਰਣਵੀਰ ਸਿੰਘ, ਸਿਟੀ ਚੌਕੀ ਇੰਚਾਰਜ ਬੀਰਬਲ ਸ਼ਰਮਾ ਅਤੇ ਲਾਭ ਸਿੰਘ ਵੀ ਹਾਜ਼ਰ ਸਨ।
ਉੱਧਰ, ਇਸ ਮਾਮਲੇ ਸਬੰਧੀ ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਫਿਲਹਾਲ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਪਰ ਉਹ ਆਪਣੇ ਪੱਧਰ ਉੱਤੇ ਮਾਮਲੇ ਦੀ ਪੜਤਾਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਅਧਿਕਾਰੀ, ਕਰਮਚਾਰੀ ਅਤੇ ਵਪਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਕਾਂਗਰਸੀ ਆਗੂ ਦੇ ਹੱਥ ਰੰਗਣ ਦੀ ਚਰਚਾ
ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਬਾਹਰੀ ਰਾਜਾਂ ਤੋਂ ਝੋਨਾ ਖਰੀਦ ਕੇ ਲਿਆਉਣ ’ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਪਾਤੜਾਂ ਸ਼ਹਿਰ ਨਾਲ ਸਬੰਧਤ ਇੱਕ ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਕੁਮਾਰ ਸਿੰਗਲਾ ਦੇ ਸ਼ੈਲਰ ਵਿੱਚ ਬਾਹਰਲੇ ਸੂਬਿਆਂ ਦਾ ਝੋਨਾ ਸਟਾਕ ਕੀਤੇ ਜਾਣ ਦੀਆਂ ਚਰਚਾਵਾਂ ਜ਼ੋਰਾਂ ’ਤੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਇਸ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸੀ ਆਗੂ ਨਰਿੰਦਰ ਕੁਮਾਰ ਸਿੰਗਲਾ ਨੇ ਉਕਤ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਸ ਦੇ ਸ਼ੈਲਰ ਵਿੱਚ ਬਾਹਰਲੇ ਰਾਜ ਤੋਂ ਝੋਨਾ ਖਰੀਦ ਕੇ ਨਹੀਂ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ।