ਪੱਤਰ ਪ੍ਰੇਰਕ
ਰਾਜਪੁਰਾ, 16 ਸਤੰਬਰ
ਸਿਟੀ ਵਿੰਗ ਸਮਾਣਾ ਦੀ ਪੁਲੀਸ ਨੇ ਇੱਕ ਟਰਾਲੇ ਵਿੱਚੋਂ 60 ਕਿੱਲੋ ਭੁੱਕੀ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਸਿਟੀ ਵਿੰਗ ਸਮਾਣਾ ਦੇ ਸਹਾਇਕ ਥਾਣੇਦਾਰ ਮਲਵਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਸਮੇਤ ਪੁਲੀਸ ਪਾਰਟੀ ਰਾਜਪੁਰਾ-ਸਰਹਿੰਦ ਜੀਟੀ ਰੋਡ ’ਤੇ ਏਜੀਐੱਮ ਰਿਜ਼ੌਰਟ ਨੇੜੇ ਜਦੋਂ ਗਸ਼ਤ ਕੀਤੀ ਤਾਂ ਸੜਕ ਕਿਨਾਰੇ ਇੱਕ ਸ਼ੱਕੀ ਟਰਾਲੇ ਵਿੱਚੋਂ ਕੁਝ ਵਿਅਕਤੀ ਬੋਰੀਆਂ ਉਤਾਰ ਰਹੇ ਸਨ। ਉਨ੍ਹਾਂ ਜਦੋਂ ਉਕਤ ਟਰਾਲੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 60 ਕਿੱਲੋ ਭੁੱਕੀ ਬਰਾਮਦ ਹੋਈ। ਪੁਲੀਸ ਨੇ ਟਰਾਲਾ ਸਵਾਰ ਅਮਰੀਕ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀਆਨ ਪਿੰਡ ਊਗਾਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।