ਪੱਤਰ ਪ੍ਰੇਰਕ
ਸਮਾਣਾ, 31 ਅਕਤੂਬਰ
ਪਿੰਡ ਦੇ ਦੋ ਲੜਕਿਆਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 5.90 ਲੱਖ ਰੁਪਏ ਠੱਗਣ ਦੇ ਦੋਸ਼ ਤਹਿਤ ਸਦਰ ਪੁਲੀਸ ਨੇ ਰੁਪਿੰਦਰ ਸਿੰਘ ਵਾਸੀ ਪਿੰਡ ਸੈਲਾ ਖੁਰਦ, ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਦਰ ਪੁਲੀਸ ਮੁਖੀ ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਜੈਦੀਪ ਸਿੰਘ ਪੁੱਤਰ ਹਰੀ ਸਿੰਘ ਅਤੇ ਸਾਹਿਬ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ ਵੱਲੋਂ ਜ਼ਿਲ੍ਹਾ ਉੱਚ ਪੁਲੀਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਨ੍ਹਾਂ ਨੇ ਆਪਣੇ ਲੜਕਿਆਂ ਸੱਤਪਾਲ ਸਿੰਘ ਅਤੇ ਜਗਦੀਪ ਸਿੰਘ ਨੂੰ ਵਿਦੇਸ਼ ਭੇਜਣ ਲਈ ਕਾਬਲ ਸਿੰਘ ਨਿਵਾਸੀ ਪਿੰਡ ਨਸੂਪੁਰ ਰਾਹੀਂ ਟਰੈਵਲ ਏਜੰਟ ਵਜੋਂ ਕੰਮ ਕਰਦੇ ਉਸ ਦੇ ਰਿਸ਼ਤੇਦਾਰ ਰੁਪਿੰਦਰ ਸਿੰਘ ਨਾਲ ਪਿੰਡ ਗੁਰਦਿਆਲਪੁਰਾ ’ਚ ਗੱਲਬਾਤ ਕਰ ਕੇ ਕਰੀਬ ਢਾਈ ਸਾਲ ਪਹਿਲਾਂ ਉਸ ਕੋਲੋਂ 5.90 ਲੱਖ ਰੁਪਏ ਦੀ ਰਕਮ ਦੋਵਾਂ ਨੇ ਦਿੱਤੀ ਸੀ, ਇਸ ਦੇ ਬਾਵਜੂਦ ਰੁਪਿੰਦਰ ਸਿੰਘ ਨੇ ਨਾ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਤੋਂ ਲਈ ਗਈ ਰਕਮ ਉਨ੍ਹਾਂ ਨੂੰ ਵਾਪਸ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੈਸੇ ਵਾਪਸ ਮੰਗਣ ’ਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਅਧਿਕਾਰੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਸ਼ਿਕਾਇਤ ਦੀ ਜਾਂਚ-ਪੜਤਾਲ ਤੋਂ ਬਾਅਦ ਕਾਨੂੰਨੀ ਸਲਾਹ ਉਪਰੰਤ ਦਿੱਤੇ ਗਏ ਹੁਕਮਾਂ ’ਤੇ ਸਦਰ ਪੁਲੀਸ ਸਮਾਣਾ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।